Kelowna- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਸ਼ੁੱਕਰਵਾਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਅੱਗ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਕੇਂਦਰੀ ਓਕਾਨਾਗਤ ਖੇਤਰ ਬੋਲਦਿਆਂ ਉਨ੍ਹਾਂ ਕਿਹਾ ਕਿ ਭਿਆਨਕ ਜੰਗਲੀ ਅੱਗ ਦੀ ਵੱਧ ਰਹੀ ਗਤੀ ਕੁਝ ਕੈਨੇਡੀਅਨਾਂ ਲਈ ਬੀਮਾ ਹਾਸਲ ਕਰਨਾ ਮੁਸ਼ਕਲ ਬਣਾ ਦੇਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਇਸ ਸਮੇਂ ਇੱਕ ਬਦਲਦੀ ਹੋਈ ਦੁਨੀਆ, ਬਦਲਦੇ ਹੋਏ ਮੌਸਮ ਦਾ ਸਾਹਮਣਾ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਤੀਬਰ ਮੌਸਮ ਦੀਆਂ ਘਟਨਾਵਾਂ ਦੇਖ ਰਹੇ ਹਾਂ। ਇਸ ਕਾਰਨ ਲੋਕਾਂ ਲਈ ਬੀਮਾ ਹਾਸਲ ਕਰਨਾ ਹੋਰ ਵੀ ਮੁਸ਼ਕਲ ਹੋ ਜਾਵੇਗਾ, ਇੱਥੋਂ ਤੱਕ ਉਨ੍ਹਾਂ ਲਈ ਵੀ ਜਿਹੜੇ ਇਸ ਨੂੰ ਪ੍ਰਾਪਤ ਕਰ ਰਹੇ ਹਨ। ਪ੍ਰਧਾਨ ਮੰਤਰੀ ਦੀਆਂ ਇਹ ਟਿੱਪਣੀਆਂ ਉਦੋਂ ਆਈਆਂ ਹਨ, ਜਦੋਂ ਬੀਮਾ ਮਾਹਰਾਂ ਦਾ ਕਹਿਣਾ ਹੈ ਕਿ ਕੁਦਰਤੀ ਆਫਤਾਂ ਦੀ ਸੀਮਾ ਬਹੁਤ ਸਾਰੇ ਕੈਨੇਡੀਅਨਾਂ ਲਈ ਵੱਧ ਰਹੀ ਹੈ।
ਇਸ ਮੌਕੇ ਪ੍ਰਧਾਨ ਮੰਤਰੀ ਵਲੋਂ ਪੱਛਮੀ ਕੇਲੋਨਾ ਦੇ ਸਥਾਨਕ ਨੇਤਾਵਾਂ, ਫਰਸਟ ਨੇਸ਼ਨਜ਼, ਵਲੰਟੀਅਰਾਂ ਅਤੇ ਹਜ਼ਾਰਾਂ ਹੋਰਨਾਂ ਲੋਕਾਂ ਨਾਲ ਮੁਲਾਕਾਤ ਕੀਤੀ ਗਈ, ਜਿਹੜੇ ਕਿ ਇੱਕ ਹਫ਼ਤਾ ਪਹਿਲਾਂ ਭਿਆਨਕ ਜੰਗਲੀ ਅੱਗ ਕਾਰਨ ਬੇਘਰ ਹੋਏ ਸਨ। ਪੱਛਮੀ ਕੇਲੋਨਾ ਫਾਇਰ ਹਾਲ ਤੋਂ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘‘ਅਸੀਂ ਇਸ ਸਮੇਂ ਬਦਲਦੀ ਦੁਨੀਆ ਦਾ ਸਾਹਮਣਾ ਕਰ ਰਹੇ ਹਾਂ।’’ ਲੋਕ ਡਰੇ ਹੋਏ ਹਨ ਅਤੇ ਡਰ ਦੇ ਬਹੁਤ ਸਾਰੇ ਕਾਰਨ ਹਨ।’’
ਪ੍ਰਧਾਨ ਮੰਤਰੀ ਨੇ ਬ੍ਰਿਟਿਸ਼ ਕੋਲੰਬੀਆ ਦੇ ਅੰਦਰੂਨੀ ਹਿੱਸਿਆਂ, ਜਿਨ੍ਹਾਂ ’ਚ ਕੇਲੋਨਾ, ਪੱਛਮੀ ਕੇਲੋਨਾ, ਲੇਕ ਕੰਟਰੀ ਅਤੇ ਹੋਰ ਖੇਤਰ ਸ਼ਾਮਿਲ ਹਨ, ਅੱਗ ਦਾ ਨਿੱਠ ਕੇ ਮੁਕਾਬਲਾ ਕਰਨ ਲਈ ਮਿਊਂਸੀਪਲ ਅਤੇ ਸੂਬਾਈ ਅੱਗ ਬੁਝਾਊ ਅਮਲੇ ਦੇ ਮਿਲ ਕੇ ਕੰਮ ਕਰਨ ਦੇ ਤਰੀਕੇ ਦੀ ਸ਼ਲਾਘਾ ਵੀ ਕੀਤੀ।
ਹਾਲਾਂਕਿ ਇਸ ਦੌਰਾਨ ਖ਼ਾਸ ਗੱਲ ਇਹ ਰਹੀ ਕਿ ਪ੍ਰਧਾਨ ਮੰਤਰੀ ਵਲੋ ਇੱਥੇ ਰਹਿੰਦੇ ਭਾਈਚਾਰਿਆਂ ਲਈ ਕਿਸੇ ਨਵੇਂ ਸੰਘੀ ਖ਼ਰਚੇ ਜਾਂ ਨਵੀਂ ਪਹਿਲਕਦਮੀ ਦਾ ਐਲਾਨ ਨਹੀਂ ਕੀਤਾ ਗਿਆ, ਜਿਸ ਨਾਲ ਭਵਿੱਖ ’ਚ ਉਹ ਅਜਿਹੇ ਖ਼ਤਰਿਆਂ ਨਾਲ ਨਜਿੱਠਣ ਲਈ ਤਿਆਰ ਰਹਿ ਸਕਣ। ਇਸ ਸਭ ਦੀ ਬਜਾਏ ਉਨ੍ਹਾਂ ਨੇ ਬ੍ਰਿਟਿਸ਼ ਕੋਲੰਬੀਆ ’ਚ ਪਹਿਲਾਂ ਤੋਂ ਹੀ ਕੀਤੇ ਜਾ ਰਹੇ ਕੰਮਾਂ ’ਤੇ ਬੋਲਣ ਬਾਰੇ ਧਿਆਨ ਕੇਂਦਰਿਤ ਕੀਤਾ। ਜਦੋਂ ਪ੍ਰਧਾਨ ਮੰਤਰੀ ਇੱਥੇ ਪਹੁੰਚੇ ਤਾਂ ਕੁਝ ਲੋਕਾਂ ਵਲੋਂ ਉਨ੍ਹਾਂ ਦਾ ਵਿਰੋਧ ਵੀ ਕੀਤਾ ਗਿਆ।
ਦੱਸ ਦਈਏ ਕਿ ਇਸ ਸਮੇਂ ਬ੍ਰਿਟਿਸ਼ ਕੋਲੰਬੀਆ ’ਚ ਕਰੀਬ 370 ਦੇ ਕਰੀਬ ਥਾਵਾਂ ’ਤੇ ਸਰਗਰਮ ਜੰਗਲੀ ਅੱਗ ਮੌਜੂਦ ਹੈ, ਜਿਨ੍ਹਾਂ ’ਚੋਂ 150 ਨੂੰ ਕਾਬੂ ਤੋਂ ਬਾਹਰ ਸ਼੍ਰੇਣੀਬੱਧ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਹੁਣ ਤੱਕ ਅੱਗ ਕਾਰਨ ਬ੍ਰਿਟਿਸ਼ ਕੋਲੰਬੀਆ ’ਚ 18,000 ਵਰਗ ਕਿਲੋਮੀਟਰ ਜ਼ਮੀਨ ਝੁਲਸ ਗਈ ਹੈ, ਜਿਸ ’ਚ 71 ਫ਼ੀਸਦੀ ਅੱਗ ਬਿਜਲੀ ਦੇ ਕਾਰਨ ਲੱਗੀ ਅਤੇ 23 ਫ਼ੀਸਦੀ ਅੱਗ ਲੋਕਾਂ ਵਲੋਂ ਲਾਈ ਗਈ ਸੀ।