ਜਸਟਿਨ ਟਰੂਡੋ ਵਿਰੁੱਧ ਭੜਕੇ ਐਲੋਨ ਮਸਕ

Ottawa- ਸਪੇਸਐਕਸ ਦੇ ਸੰਸਥਾਪਕ ਅਤੇ ਸੀਈਓ ਐਲੋਨ ਮਸਕ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਦੇਸ਼ ’ਚ ਬੋਲਣ ਦੀ ਆਜ਼ਾਦੀ ਨੂੰ ਦਬਾਉਣ ਲਈ ਆਲੋਚਨਾ ਕੀਤੀ। ਹਾਲ ਹੀ ’ਚ, ਕੈਨੇਡੀਅਨ ਸਰਕਾਰ ਨੇ ਆਦੇਸ਼ ਦਿੱਤਾ ਹੈ ਕਿ ਆਨਲਾਈਨ ਸਟਰੀਮਿੰਗ ਸੇਵਾਵਾਂ ਦੇ ਰੈਗੂਲੇਟਰੀ ਨਿਯੰਤਰਣ ਲਈ ਸਰਕਾਰ ਨਾਲ ਰਸਮੀ ਤੌਰ ’ਤੇ ਰਜਿਸਟਰ ਕਰਨਾ ਲਾਜ਼ਮੀ ਹੈ। ਕੈਨੇਡੀਅਨ ਸਰਕਾਰ ਦੇ ਇਸ ਹੁਕਮ ਦੇ ਮੱਦੇਨਜ਼ਰ ਐਲੋਨ ਮਸਕ ਨੇ ਇਹ ਟਿੱਪਣੀ ਕੀਤੀ ਹੈ।
ਕੈਨੇਡੀਅਨ ਸਰਕਾਰ ਦੇ ਇਸ ਫੈਸਲੇ ’ਤੇ ਪੱਤਰਕਾਰ ਅਤੇ ਲੇਖਕ ਗਲੇਨ ਗ੍ਰੀਨਵਾਲਡ ਨੇ ਪੋਸਟ ਪਾਈ ਸੀ, ਜਿਸ ’ਤੇ ਮਸਕ ਨੇ ਪ੍ਰਤੀਕਿਰਿਆ ਦਿੱਤੀ ਹੈ। ਗਲੇਨ ਗ੍ਰੀਨਵਾਲਡ ਨੇ ਆਪਣੀ ਪੋਸਟ ’ਤੇ ਲਿਖਿਆ, ‘‘ਦੁਨੀਆ ਦੀ ਸਭ ਤੋਂ ਦਮਨਕਾਰੀ ਆਨਲਾਈਨ ਸੈਂਸਰਸ਼ਿਪ ਸਕੀਮਾਂ ’ਚੋਂ ਇੱਕ ਲੈਸ ਕੈਨੇਡੀਅਨ ਸਰਕਾਰ ਨੇ ਐਲਾਨ ਕੀਤਾ ਹੈ ਕਿ ਪਾਡਕਾਸਟ ਦੀ ਪੇਸ਼ਕਸ਼ ਕਰਨ ਵਾਲੀਆਂ ਸਾਰੀਆਂ ਸਟਰੀਮੰਗ ਸੇਵਾਵਾਂ ਨੂੰ ਰੈਗੂਲੇਟਰੀ ਕੰਟਰੋਲ ਦੀ ਆਗਿਆ ਦੇਣ ਲਈ ਰਸਮੀ ਤੌਰ ’ਤੇ ਸਰਕਾਰ ਨਾਲ ਰਜਿਸਟਰ ਹੋਣਾ ਹੋਵੇਗਾ।’’
ਇਸ ਦਾ ਜਵਾਬ ਦਿੰਦਿਆਂ ਐਲੋਨ ਮਸਕ ਨੇ ਲਿਖਿਆ, ‘‘ਟਰੂਡੋ ਕੈਨੇਡਾ ’ਚ ਪ੍ਰਗਟਾਵੇ ਦੀ ਆਜ਼ਾਦੀ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੇ ਹਨ। ਸ਼ਰਮਨਾਕ’’
ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟਰੂਡੋ ਸਰਕਾਰ ’ਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਖਿਲਾਫ ਕੰਮ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਫਰਵਰੀ 2022 ’ਚ, ਟਰੂਡੋ ਨੇ ਟਰੱਕ ਡਰਾਈਵਰਾਂ ਵਲੋਂ ਕੀਤੇ ਗਏ ਪ੍ਰਦਰਸ਼ਨ ਦੇ ਜਵਾਬ ’ਚ ਦੇਸ਼ ਦੇ ਇਤਿਹਾਸ ’ਚ ਪਹਿਲੀ ਵਾਰ ਐਮਰਜੈਂਸੀ ਦੀ ਸਥਿਤੀ ਲਗਾਉਣ ਲਈ ਆਪਣੀ ਸਰਕਾਰ ਦੀ ਸ਼ਕਤੀ ਦੀ ਵਰਤੋਂ ਕੀਤੀ। ਇਸ ਦੌਰਾਨ ਵੈਕਸੀਨ ਲਾਜ਼ਮੀ ਕਰਨ ਦੇ ਵਿਰੋਧ ’ਚ ਟਰੱਕ ਡਰਾਈਵਰਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ ਸੀ।