Atlanta- 2020 ਦੀਆਂ ਚੋਣ ਨਤੀਜਿਆਂ ਨੂੰ ਪਲਟਣ ਨਾਲ ਜੁੜੇ ਜਾਰਜੀਆ ਮਾਮਲੇ ’ਚ ਅੱਜ ਆਤਮ ਸਮਰਪਣ ਲਈ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਟਲਾਂਟਾ ਦੇ ਹਾਰਟਸਫੀਲਡ-ਜੈਕਸਨ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚ ਗਏ ਹਨ। ਇਸ ਮਗਰੋਂ ਉਨ੍ਹਾਂ ਨੂੰ ਫੁਲਟਨ ਕਾਊਂਟੀ ਜੇਲ੍ਹ ਭੇਜਿਆ ਜਾਵੇਗਾ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇੱਥੇ ਉਨ੍ਹਾਂ ਕੁਝ ਸਮੇਂ ਲਈ ਰੱਖਿਆ ਜਾਵੇਗਾ।
ਉੱਧਰ ਟਰੰਪ ਦੇ ਜੇਲ੍ਹ ਪਹੁੰਚਣ ਤੋਂ ਪਹਿਲਾਂ ਹੀ ਇੱਥੇ ਮਾਹੌਲ ਕਾਫ਼ੀ ਤਣਾਅਪੂਰਨ ਹੋ ਗਿਆ ਹੈ। ਇਸੇ ਦੇ ਚੱਲਦਿਆਂ ਪੁਲਿਸ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਇੱਥੇ ਸਖ਼ਤੀ ਹੋਰ ਵਧਾ ਦਿੱਤੀ ਹੈ ਅਤੇ ਸੜਕਾਂ ਨੂੰ ਬੰਦ ਕਰ ਦਿੱਤਾ ਹੈ। ਜਨਤਾ ਨੂੰ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ। ਜੇਲ੍ਹ ਦੇ ਆਲੇ-ਦੁਆਲੇ ਦੀਆਂ ਸੜਕਾਂ ’ਤੇ ਵੱਡੀ ਗਿਣਤੀ ’ਚ ਪ੍ਰਦਰਸ਼ਨਕਾਰੀ ਖੜ੍ਹੇ ਹਨ।
ਇਨ੍ਹਾਂ ’ਚੋਂ ਬਹੁਤੇ ਤਾਂ ਟਰੰਪ ਦਾ ਸਮਰਥਨ ਕਰਨ ਲਈ ਆਏ ਹਨ, ਜਦਕਿ ਕਈ ਉਨ੍ਹਾਂ ਨੂੰ ਆਪਣੀ ਮੌਜੂਦਗੀ ਬਾਰੇ ਜਾਣੂ ਕਰਾਉਣ ਪਹੁੰਚੇ ਹਨ। ਕਈਆਂ ਲੋਕਾਂ ਨੂੰ ਲੱਗ ਰਿਹਾ ਹੈ ਕਿ ਟਰੰਪ ਇਨ੍ਹਾਂ ਸਾਰੇ ਦੋਸ਼ਾਂ ’ਚ ਬੇਕਸੂਰ ਹਨ, ਜਦਕਿ ਕਈ ਇਹ ਦੱਸਣ ਦੇ ਯੋਗ ਨਹੀਂ ਹਨ ਕਿ ਉਹ ਇਸ ਸਿੱਟੇ ’ਤੇ ਕਿਉਂ ਪਹੁੰਚੇ ਹਨ।
ਅਟਲਾਂਟਾ ਪਹੁੰਚੇ ਟਰੰਪ, ਤਣਾਅਪੂਰਨ ਮਾਹੌਲ ਦੇ ਚੱਲਦਿਆਂ ਪੁਲਿਸ ਨੇ ਵਧਾਈ ਸੁਰੱਖਿਆ
