Atlanta- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਹ ਰਾਸ਼ਟਰਪਤੀ ਚੋਣਾਂ ’ਚ ਦਖ਼ਲ-ਅੰਦਾਜ਼ੀ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਵੀਰਵਾਰ ਨੂੰ ਅਟਲਾਂਟਾ, ਜਾਰਜੀਆ ਦੀ ਇੱਕ ਅਦਾਲਤ ’ਚ ਖ਼ੁਦ ਨੂੰ ਪੇਸ਼ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਮਾਮਲੇ ਦੀ ਦੇਖ-ਰੇਖ ਕਰ ਰਹੇ ਜਾਰਜੀਆ ਦੇ ਇੱਕ ਜੱਜ ਨੇ ਪਹਿਲਾਂ ਹੀ 200,000 ਡਾਲਰ ਦਾ ਜ਼ਮਾਨਤ ਬਾਂਡ ਤੈਅ ਕੀਤਾ ਸੀ। ਜ਼ਮਾਨਤ ਪਟੀਸ਼ਨ ’ਚ ਕਿਹਾ ਗਿਆ ਹੈ ਕਿ ਟਰੰਪ ਉਦੋਂ ਤੱਕ ਹੀ ਆਜ਼ਾਦ ਰਹਿ ਸਕਦੇ ਹਨ, ਜਦੋਂ ਤੱਕ ਉਹ ਗਵਾਹਾਂ ਨੂੰ ਡਰਾਉਣ-ਧਮਕਾਉਣ ਦਾ ਯਤਨ ਨਹੀਂ ਕਰਦੇ। ਹਾਲਾਂਕਿ ਟਰੰਪ ਨੇ ਧੋਖਾਧੜੀ ਅਤੇ ਝੂਠੇ ਬਿਆਨਾਂ ਸਣੇ ਆਪਣੇ ਵਿਰੁੱਧ ਲੱਗੇ 13 ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਸੋਮਵਾਰ ਨੂੰ ਪੋਸਟ ਕੀਤੀ ਗਏ ਇਸ ਅਦਾਲਤੀ ਇਕਰਾਰਨਾਮੇ ’ਚ ਇਹ ਕਿਹਾ ਗਿਆ ਹੈ, ‘‘ਮੁਲਜ਼ਮ ਇਸ ਕੇਸ ’ਚ ਸਹਿ-ਪ੍ਰਤੀਰੋਧੀ ਜਾਂ ਗਵਾਹ ਵਜੋਂ ਜਾਣੇ ਜਾਂਦੇ ਕਿਸੇ ਵੀ ਵਿਅਕਤੀ ਨੂੰ ਡਰਾਉਣ ਜਾਂ ਨਿਆਂ ਦੇ ਪ੍ਰਸ਼ਾਸਨ ’ਚ ਰੁਕਾਵਟ ਪਾਉਣ ਲਈ ਕੋਈ ਕੰਮ ਨਹੀਂ ਕਰੇਗਾ।’’ ਇਸ ਇਕਰਾਰਨਾਮੇ ’ਚ ਸਾਬਕਾ ਰਾਸ਼ਟਰਪਤੀ ਨੂੰ ਗਵਾਹਾਂ ਜਾਂ ਸਹਿ-ਮੁਲਜ਼ਮਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਸਿੱਧੀ ਜਾਂ ਅਸਿੱਧੀ ਧਮਕੀ ਦੇਣ ਅਤੇ ਵਕੀਲਾਂ ਨੂੰ ਛੱਡ ਕੇ ਉਨ੍ਹਾਂ ਨਾਲ ਕੇਸ ਦੇ ਤੱਥਾਂ ਬਾਰੇ ਕਿਸੇ ਵੀ ਤਰੀਕੇ ਨਾਲ ਸੰਚਾਰ ਕਰਨ ਤੋਂ ਮਨ੍ਹਾ ਕੀਤਾ ਗਿਆ ਹੈ। ਇਕਰਾਰਨਾਮੇ ’ਤੇ ਫੁਲਟਨ ਕਾਊਂਟੀ ਦੇ ਜ਼ਿਲ੍ਹਾ ਅਟਾਰਨੀ ਜਨਰਲ ਫਾਨੀ ਵਿਲਿਸ, ਜੋ ਕਿ ਇਸ ਕੇਸ ਦੀ ਨਿਗਰਾਨੀ ਕਰ ਰਹੇ ਹਨ ਅਤੇ ਟਰੰਪ ਦੇ ਵਕੀਲਾਂ ਵਲੋਂ ਹਸਤਾਖ਼ਰ ਕੀਤੇ ਗਏ ਹਨ।
ਉੱਧਰ ਇਸ ਸੰਬੰਧ ’ਚ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ Truth Social ’ਤੇ ਇੱਕ ਪੋਸਟ ਪਾਈ ਅਤੇ ਲਿਖਿਆ, ‘‘ਕੀ ਤੁਸੀਂ ਇਸ ’ਤੇ ਵਿਸ਼ਵਾਸ ਕਰ ਸਕਦੇ ਹੋ? ਮੈਂ ਵੀਰਵਾਰ ਨੂੰ ਅਟਲਾਂਟਾ, ਜਾਰਜੀਆ ਜਾ ਰਿਹਾ ਹਾਂ, ਜਿੱਥੇ ਇੱਕ ਰੈਡੀਕਲ ਲੈਫਟ ਡਿਸਟ੍ਰਿਕਟ ਅਟਾਰਨੀ ਫਾਨੀ ਵਿਲਿਸ ਵਲੋਂ ਮੈਨੂੰ ਗਿ੍ਰਫ਼ਤਾਰ ਕੀਤਾ ਜਾਵੇਗਾ।’’
ਦੱਸ ਦਈਏ ਕਿ ਸਰਕਾਰੀ ਵਕੀਲਾਂ ਨੇ ਜੱਜ ਨੂੰ 77 ਸਾਲਾ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਚੋਣ ਧੋਖਾਧੜੀ ਅਤੇ ਸਾਜ਼ਿਸ਼ ਰਚਣ ਦੇ ਮਾਮਲੇ ’ਚ 4 ਮਾਰਚ 2024 ਨੂੰ ਮੁਕੱਦਮੇ ਦੀ ਤਾਰੀਕ ਤੈਅ ਕਰਨ ਲਈ ਕਿਹਾ ਹੈ। 2024 ’ਚ ਰੀਪਬਲਕਿਨ ਪਾਰਟੀ ਵਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦਗੀ ’ਚ ਸਭ ਤੋਂ ਅੱਗੇ ਚੱਲ ਰਹੇ ਟਰੰਪ ਨੂੰ ਵ੍ਹਾਈਟ ਹਾਊਸ ’ਚ ਵਾਪਸੀ ਤੋਂ ਪਹਿਲਾਂ ਹੀ ਚਾਰ ਅਪਰਾਧਿਕ ਮੁਕੱਦਮਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।