Atlanta- 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਪਲਟਣ ਨਾਲ ਜੁੜੇ ਜਾਰਜੀਆ ਮਾਮਲੇ ’ਚ ਵੀਰਵਾਰ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੁਲਟਨ ਕਾਊਂਟੀ ਜੇਲ੍ਹ ’ਚ ਆਤਮ ਸਮਰਪਣ ਕਰ ਦਿੱਤਾ। ਜੇਲ੍ਹ ਅਧਿਕਾਰੀਆਂ ਮੁਤਾਬਕ ਟਰੰਪ ਕਰੀਬ 20 ਮਿੰਟਾਂ ਤੱਕ ਜੇਲ੍ਹ ਦੇ ਅੰਦਰ ਰਹੇ।
ਜੇਲ੍ਹ ਰਿਕਾਰਡ ਮੁਤਾਬਕ ਟਰੰਪ 6 ਫੁੱਟ 3 ਇੰਚ ਲੰਬੇ ਹਨ ਅਤੇ ਉਨ੍ਹਾਂ ਦਾ ਭਾਰ 215 ਪਾਊਂਡ ਹੈ। ਉਨ੍ਹਾਂ ਦੀਆਂ ਨੀਲੀਆਂ ਅੱਖਾਂ ਅਤੇ ਸੁਨਹਿਰੀ ਵਾਲ ਹਨ। ਫੁਲਟਨ ਕਾਊਂਟੀ ਦੇ ਸ਼ੈਰਿਫ ਪੈਟਰਿਕ ਲੈਬੇਟ ਨੇ ਦੱਸਿਆ ਕਿ ਜੇਲ੍ਹ ’ਚ ਟਰੰਪ ਦੇ ਉਂਗਲਾਂ ਦੇ ਨਿਸ਼ਾਨ ਅਤੇ ਮਗ ਸ਼ਾਟ ਲਿਆ ਗਿਆ ਹੈ। ਇਸ ਦੇ ਨਾਲ ਹੀ ਟਰੰਪ ਅਮਰੀਕਾ ਦੇ ਪਹਿਲੇ ਅਜਿਹੇ ਸਾਬਕਾ ਰਾਸ਼ਟਰਪਤੀ ਬਣ ਗਏ ਹਨ, ਜਿਨ੍ਹਾਂ ਦਾ ਮਗ ਸ਼ਾਟ ਲਿਆ ਗਿਆ ਹੈ। ਅਮਰੀਕਾ ਦੇ ਕਾਨੂੰਨਾਂ ਮੁਤਾਬਕ ਪੁਲਿਸ ਵਲੋਂ ਦੋਸ਼ੀ ਦੇ ਚਿਹਰੇ ਦੀ ਫੋਟੋ ਖਿੱਚਣ ਨੂੰ ਮਗਸ਼ਾਟ ਕਿਹਾ ਜਾਂਦਾ ਹੈ। ਇਸ ਤਸਵੀਰ ਨੂੰ ਬਾਅਦ ’ਚ ਜਨਤਕ ਕਰ ਦਿੱਤਾ ਗਿਆ।
ਸ਼ੈਰਿਫ ਪੈਟਰਿਕ ਲੈਬੇਟ ਨੇ ਕਿਹਾ ਕਿ ਜਾਰਜੀਆ ਚੋਣ ਮਾਮਲੇ ’ਚ ਸਾਰੇ 19 ਦੋਸ਼ੀਆਂ ਨੂੰ ਕਾਊਂਟੀ ਦੇ ਕਿਸੇ ਵੀ ਹੋਰ ਮੁਲਜ਼ਮ ਵਾਂਗ ਹੀ ਪ੍ਰਕਿਰਿਆ ਤੋਂ ਲੰਘਣਾ ਪਏਗਾ, ਜਿਸ ’ਚ ਉਂਗਲਾਂ ਦੇ ਨਿਸ਼ਾਨ ਅਤੇ ਮਗਸ਼ਾਟ ਲੈਣਾ ਸ਼ਾਮਿਲ ਹਨ।
ਜੇਲ੍ਹ ’ਚ ਟਰੰਪ 200,000 ਡਾਲਰ ਦੇ ਬਾਂਡ ਅਤੇ ਹੋਰ ਰਿਹਾਈ ਸ਼ਰਤਾਂ ’ਤੇ ਸਹਿਮਤ ਹੋਏ, ਜਿਨ੍ਹਾਂ ’ਚ ਮਾਮਲੇ ਦੇ ਸਹਿ-ਪ੍ਰਤੀਰੋਧੀ ਜਾਂ ਗਵਾਹ ਵਜੋਂ ਜਾਣੇ ਜਾਂਦੇ ਕਿਸੇ ਵੀ ਵਿਅਕਤੀ ਨੂੰ ਡਰਾਉਣ ਜਾਂ ਨਿਆਂ ਦੇ ਪ੍ਰਸ਼ਾਸਨ ’ਚ ਰੁਕਾਵਟ ਪਾਉਣ ਲਈ ਸ਼ੋਸਲ ਮੀਡੀਆ ਦੀ ਵਰਤੋਂ ਨਾ ਕਰਨਾ ਸ਼ਾਮਿਲ ਹੈ। ਇਸ ਬਾਂਡ ’ਤੇ ਟਰੰਪ ਦੇ ਵਕੀਲਾਂ ਨੇ ਉਨ੍ਹਾਂ ਦੇ ਆਤਮ ਸਮਰਪਣ ਤੋਂ ਪਹਿਲਾਂ ਹੀ ਗੱਲਬਾਤ ਕਰ ਲਈ ਸੀ।
ਸਾਰੀ ਕਾਰਵਾਈ ਪੂਰੀ ਕਰਨ ਉਪਰੰਤ ਟਰੰਪ ਨੂੰ ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਗਿਆ। ਇਸ ਮਗਰੋਂ ਉਹ ਆਪਣੇ ਕਾਫ਼ਲੇ ਸਮੇਤ ਅਟਲਾਂਟਾ ਦੇ ਹਾਰਟਸਫੀਲਡ-ਜੈਕਸਨ ਕੌਮਾਂਤਰੀ ਹਵਾਈ ਅੱਡੇ ’ਤੇ ਵਾਪਸ ਚਲੇ ਗਏ, ਜਿੱਥੋਂ ਕਿ ਉਨ੍ਹਾਂ ਨੇ ਇੱਕ ਨਿੱਜੀ ਜਹਾਜ਼ ਰਾਹੀਂ ਨਿਊ ਜਰਸੀ ’ਚ ਸਥਿਤ ਆਪਣੀ ਰਿਹਾਇਸ਼ ’ਤੇ ਵਾਪਸ ਪਰਤਣ ਲਈ ਉਡਾਣ ਭਰੀ।
ਜ਼ਿਕਰਯੋਗ ਕਿ ਟਰੰਪ ਦੇ ਆਤਮ ਸਮਰਪਣ ਤੋਂ ਪਹਿਲਾਂ ਜੇਲ੍ਹ ਦੇ ਆਲੇ-ਦੁਆਲੇ ਸੁਰੱਖਿਆ ਕਾਫ਼ੀ ਵਧਾ ਦਿੱਤੀ ਗਈ ਸੀ। ਪੁਲਿਸ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਇੱਥੇ ਸੜਕਾਂ ਨੂੰ ਬੰਦ ਕਰ ਦਿੱਤਾ ਅਤੇ ਲੋਕਾਂ ਨੂੰ ਜੇਲ੍ਹ ਦੇ ਆਲੇ-ਦੁਆਲੇ ਜਾਣ ਤੋਂ ਮਨ੍ਹਾ ਕਰ ਦਿੱਤਾ। ਟਰੰਪ ਦੇ ਪਹੁੰਚਣ ਤੋਂ ਪਹਿਲਾਂ ਹੀ ਵੱਡੀ ਗਿਣਤੀ ’ਚ ਉਨ੍ਹਾਂ ਦੇ ਸਮਰਥਕ ਇੱਥੇ ਪਹੁੰਚੇ ਹੋਏ ਸਨ। ਉਨ੍ਹਾਂ ਵਲੋਂ ਫੁਲਟਨ ਕਾਊਂਟੀ ਦੇ ਜ਼ਿਲ੍ਹਾ ਅਟਾਰਨੀ ਫਾਨੀ ਵਿਲਿਸ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ ਗਈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਾਰਜੀਆ ’ਚ ਟਰੰਪ ਦਾ ਆਤਮ ਸਮਰਪਣ ਇਸ ਸਾਲ ਦਾ ਇਹ ਚੌਥਾ ਅਜਿਹਾ ਮਾਮਲਾ ਹੈ, ਜਦੋਂ ਸਾਬਕਾ ਰਾਸ਼ਟਰਪਤੀ ਨੇ ਆਪਣੇ ਵਿਰੁੱਧ ਅਪਰਾਧਿਕ ਦੋਸ਼ ਲਾਏ ਜਾਣ ਮਗਰੋਂ ਖ਼ੁਦ ਨੂੰ ਸਥਾਨਕ ਜਾਂ ਫੈਡਰਲ ਅਧਿਕਾਰੀਆਂ ਦੇ ਹਵਾਲੇ ਕੀਤਾ ਹੋਵੇ। ਇਹ ਅਜਿਹੇ ਘਟਨਾਕ੍ਰਮ ਹਨ, ਜਿਹੜੇ ਕਿ ਅਮਰੀਕਾ ’ਚ 2023 ਤੋਂ ਪਹਿਲਾਂ ਸ਼ਾਇਦ ਹੀ ਕਦੇ ਦੇਖੇ ਗਏ ਹੋਣ।
ਡੋਨਾਲਡ ਟਰੰਪ ਨੇ ਕੀਤਾ ਆਤਮ ਸਮਰਪਣ
