ਭਾਰਤ-ਕੈਨੇਡਾ ਵਿਵਾਦ ’ਚ ਅਮਰੀਕਾ ਦੀ ‘ਐਂਟਰੀ’, ਕਿਹਾ- ਭਾਰਤ ਨੂੰ ਨਹੀਂ ਦਿਆਂਗੇ ਕੋਈ ‘ਵਿਸ਼ੇਸ਼ ਛੋਟ’

Washington- ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ’ਚ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਭਾਰਤ ਨੂੰ ਕੋਈ ‘ਵਿਸ਼ੇਸ਼ ਛੋਟ’ ਨਹੀਂ ਦੇਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਇਸ ਮਾਮਲੇ ’ਚ ਉੱਚ ਪੱਧਰ ’ਤੇ ਭਾਰਤੀ ਅਧਿਕਾਰੀਆਂ ਦੇ ਸੰਪਰਕ ’ਚ ਹੈ।
ਹਾਲ ਹੀ ’ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ’ਚ ਨਿੱਝਰ ਦੇ ਕਤਲ ’ਚ ਭਾਰਤ ਸਰਕਾਰ ਦੇ ਏਜੰਟਾਂ ਦੇ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ। ਅਮਰੀਕਾ ਭਾਰਤ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਸਾਲ ਦੇ ਸ਼ੁਰੂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਸਰਕਾਰੀ ਦੌਰੇ ’ਤੇ ਗਏ ਸਨ, ਜਿੱਥੇ ਰਾਸ਼ਟਰਪਤੀ ਜੋਅ ਬਾਇਡਨ ਨੇ ਉਨ੍ਹਾਂ ਦੀ ਮੇਜ਼ਬਾਨੀ ਕੀਤੀ ਸੀ।
ਕੀ ਇਸ ਮਾਮਲੇ ’ਚ ਅਮਰੀਕਾ ਦੀ ਚਿੰਤਾ ਦੋਹਾਂ ਦੇਸ਼ਾਂ ਦੇ ਮਜ਼ਬੂਤ ਹੁੰਦੇ ਰਿਸ਼ਤਿਆਂ ’ਤੇ ਅਸਰ ਪਾ ਸਕਦੀ ਹੈ? ਇਸ ਸਵਾਲ ਦੇ ਜਵਾਬ ’ਚ ਜੈਕ ਸੁਲੀਵਨ ਨੇ ਕਿਹਾ ਕਿ ਅਮਰੀਕਾ ਆਪਣੇ ਸਿਧਾਂਤਾਂ ’ਤੇ ਕਾਇਮ ਰਹੇਗਾ, ਭਾਵੇਂ ਕੋਈ ਵੀ ਦੇਸ਼ ਪ੍ਰਭਾਵਿਤ ਹੋਵੇ।
ਇੱਕ ਮੀਡੀਆ ਰਿਪੋਰਟ ਮੁਤਾਬਕ ਵ੍ਹਾਈਟ ਹਾਊਸ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, ‘‘ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਇਹ ਉਹ ਚੀਜ਼ ਹੈ ਜਿਸਨੂੰ ਅਸੀਂ ਗੰਭੀਰਤਾ ਨਾਲ ਲੈਂਦੇ ਹਾਂ। ਇਹ ਅਜਿਹਾ ਮਾਮਲਾ ਹੈ ਜਿਸ ’ਤੇ ਅਸੀਂ ਕੰਮ ਕਰਨਾ ਜਾਰੀ ਰੱਖਾਂਗੇ ਅਤੇ ਕਿਸੇ ਵੀ ਦੇਸ਼ ਦੀ ਪਰਵਾਹ ਕੀਤੇ ਬਿਨਾਂ ਅਸੀਂ ਅਜਿਹਾ ਕਰਾਂਗੇ।’’ ਉਨ੍ਹਾਂ ਅੱਗੇ, “ਤੁਹਾਨੂੰ ਇਸ ਤਰ੍ਹਾਂ ਦੇ ਕੰਮ ਲਈ ਕੋਈ ਵਿਸ਼ੇਸ਼ ਛੋਟ ਨਹੀਂ ਮਿਲਦੀ। ਅਸੀਂ ਖੜ੍ਹੇ ਹੋਵਾਂਗੇ ਅਤੇ ਆਪਣੇ ਮੂਲ ਸਿਧਾਂਤਾਂ ਦੀ ਰੱਖਿਆ ਕਰਾਂਗੇ, ਚਾਹੇ ਦੇਸ਼ ਕੋਈ ਵੀ ਹੋਵੇ। ਅਸੀਂ ਕੈਨੇਡਾ ਵਰਗੇ ਸਹਿਯੋਗੀਆਂ ਨਾਲ ਵੀ ਮਿਲ ਕੇ ਕੰਮ ਕਰਾਂਗੇ, ਕਿਉਂਕਿ ਕੈਨੇਡਾ ਇਸ ਮਾਮਲੇ ’ਚ ਜਾਂਚ ਅਤੇ ਕੂਟਨੀਤਕ ਪ੍ਰਕਿਰਿਆ ਦੀ ਅਗਵਾਈ ਕਰ ਰਿਹਾ ਹੈ।
ਸੁਲੀਵਾਨ ਨੇ ਇਹ ਵੀ ਕਿਹਾ ਕਿ ਅਮਰੀਕਾ ਇਸ ਮਾਮਲੇ ’ਤੇ ਦੋਵਾਂ ਦੇਸ਼ਾਂ ਦੇ ਸੰਪਰਕ ’ਚ ਹੈ। ਅਮਰੀਕੀ ਮੀਡੀਆ ’ਚ ਕੁਝ ਰਿਪੋਰਟਾਂ ਵੀ ਪ੍ਰਕਾਸ਼ਿਤ ਹੋਈਆਂ ਸਨ, ਜਿਨ੍ਹਾਂ ’ਚ ਕਿਹਾ ਜਾ ਰਿਹਾ ਸੀ ਕਿ ਅਮਰੀਕਾ ਇਸ ਮਾਮਲੇ ’ਚ ਕੈਨੇਡਾ ਤੋਂ ਦੂਰੀ ਬਣਾ ਰਿਹਾ ਹੈ। ਇਸ ਦੇ ਜਵਾਬ ’ਚ, ਸੁਲੀਵਨ ਨੇ ਕਿਹਾ, ‘‘ਮੈਂ ਇਸ ਗੱਲ ਤੋਂ ਪੂਰੀ ਤਰ੍ਹਾਂ ਇਨਕਾਰ ਕਰਦਾ ਹਾਂ ਕਿ ਸੰਯੁਕਤ ਰਾਜ ਅਤੇ ਕੈਨੇਡਾ ’ਚ ਕੋਈ ਮੱਤਭੇਦ ਹਨ। ਅਸੀਂ ਕੈਨੇਡਾ ਦੁਆਰਾ ਲਗਾਏ ਗਏ ਦੋਸ਼ਾਂ ਬਾਰੇ ਚਿੰਤਤ ਹਾਂ ਅਤੇ ਇਹ ਦੇਖਣਾ ਚਾਹੁੰਦੇ ਹਾਂ ਕਿ ਇਸ ਜਾਂਚ ਨੂੰ ਅੱਗੇ ਵਧਾਇਆ ਜਾਵੇ ਅਤੇ ਦੋਸ਼ੀਆਂ ਨੂੰ ਜਵਾਬਦੇਹ ਠਹਿਰਾਇਆ ਜਾਵੇ।