Kyiv- ਰੂਸ ਅਤੇ ਯੂਕਰੇਨ ਵਿਚਾਲੇ ਜੰਗ ਲਗਾਤਾਰ ਜਾਰੀ ਹੈ। ਇਸ ਵਿਚਾਲੇ ਯੂਕਰੇਨ ਵਲੋਂ ਰੂਸ ਦੇ ਕਾਲਾ ਸਾਗਰ ਬੇੜੇ ਦੇ ਹੈੱਡਕੁਆਰਟਰ ’ਤੇ ਸ਼ੁੱਕਰਵਾਰ ਨੂੰ ਇੱਕ ਭਿਆਨਕ ਮਿਜ਼ਾਈਲ ਹਮਲਾ ਕੀਤਾ ਗਿਆ। ਇਸ ਹਮਲੇ ’ਚ ਕ੍ਰੀਮੀਆ ਦੇ ਸੇਵਸਤੋਪੋਲ ਸਥਿਤ ਰੂਸੀ ਜਲ ਸੈਨਾ ਦੇ ਹੈੱਡਕੁਆਰਟਰ ਦੀ ਇਮਾਰਤ ਤੋਂ ਧੂੰਆਂ ਨਿਕਲਦਾ ਹੋਇਆ ਦੇਖਿਆ ਗਿਆ। ਸੇਵਸਤੋਪੋਲ ਦੇ ਗਵਰਨਰ ਮਿਖਾਈਲ ਰਜਵੋਝਯੇਵ ਨੇ ਕਿਹਾ ਕਿ ਹਮਲੇ ’ਚ ਜ਼ਖ਼ਮੀ ਹੋਏ ਲੋਕਾਂ ਦੇ ਬਾਰੇ ’ਚ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਫਾਇਰ ਬਿ੍ਰਗੇਡ ਦੇ ਕਰਮਚਾਰੀ ਅੱਗ ’ਤੇ ਕਾਬੂ ਪਾਉਣ ਦਾ ਯਤਨ ਕਰ ਰਹੇ ਹਨ। ਰੂਸ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਜਲ ਸੈਨਾ ਦੇ ਬੇੜੇ ਦੇ ਹੈੱਡਕੁਆਟਰ ’ਤੇ ਵੱਡੀ ਗਿਣਤੀ ’ਚ ਐਂਬੂਲੈਂਸਾਂ ਪਹੁੰਚੀਆਂ ਹੋਈਆਂ ਹਨ।
ਉੱਧਰ ਯੂਕਰੇਨ ਵਲੋਂ ਕੀਤੇ ਗਏ ਇਸ ਹਮਲੇ ਕਾਰਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਗੁੱਸੇ ’ਚ ਹਨ। ਕ੍ਰੈਮਲਿਨ ’ਚ ਰੂਸੀ ਫੌਜ ਦੇ ਅਧਿਕਾਰੀਆਂ ਦੀ ਸੰਕਟਕਾਲੀਨ ਬੈਠਕ ਹੋਈ ਹੈ ਅਤੇ ਯੂਕਰੇਨ ਦੇ ਵਿਰੁੱਧ ਜਵਾਬੀ ਕਾਰਵਾਈ ’ਤੇ ਚਰਚਾ ਕੀਤੀ ਗਈ। ਸੇਵਸਤੋਪੋਲ ਦੇ ਗਵਰਨਰ ਰਜਵੋਝਯੇਵ ਨੇ ਸ਼ੁਰੂ ’ਚ ਲੋਕਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਇੱਕ ਹੋਰ ਹਮਲਾ ਹੋਣ ਦਾ ਖ਼ਦਸ਼ਾ ਹੈ ਅਤੇ ਉਨ੍ਹਾਂ ਨੇ ਸਥਾਨਕ ਨਿਵਾਸੀਆਂ ਨੂੰ ਇਮਾਰਤਾਂ ਛੱਡਣ ਦੀ ਅਪੀਲ ਕੀਤੀ। ਬਾਅਦ ’ਚ ਉਨ੍ਹਾਂ ਨੇ ਆਪਣੀ ਚਿਤਾਵਨੀ ਨੂੰ ਵਾਪਸ ਲੈ ਲਿਆ ਅਤੇ ਕਿਹਾ ਕਿ ਕਾਲਾ ਸਾਗਰ ’ਚ ਅੱਗ ਬੁਝਾਉਣ ਦੇ ਯਤਨ ਜਾਰੀ ਹਨ।