ਕੈਨੇਡਾ ਦਾ ਦੌਰਾ ਕਰਨਗੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੈਲੈਂਸਕੀ

Ottawa- ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੈਲੈਂਸਕੀ ਇਸ ਹਫ਼ਤੇ ਕੈਨੇਡਾ ਦੇ ਦੌਰੇ ’ਤੇ ਆਉਣਗੇ। ਕੈਨੇਡੀਅਨ ਮੀਡੀਆ ਵਲੋਂ ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਗਈ ਹੈ। ਫਰਵਰੀ 2022 ਤੋਂ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਯੁੱਧ ਤੋਂ ਬਾਅਦ ਪਹਿਲੀ ਵਾਲੀ ਜੈਲੈਂਸਕੀ ਕੈਨੇਡਾ ਦਾ ਦੌਰਾ ਕਰਨਗੇ। ਫਿਲਹਾਲ ਜੈਲੈਂਸਕੀ ਅਮਰੀਕਾ ’ਚ ਹਨ, ਜਿੱਥੇ ਕਿ ਉਨ੍ਹਾਂ ਵਲੋਂ ਸੰਯੁਕਤ ਰਾਸ਼ਟਰ ਮਹਾਂਸਭਾ ਨੂੰ ਸੰਬੋਧਿਤ ਕੀਤਾ ਗਿਆ। ਮੰਗਲਵਾਰ ਨੂੰ ਮਹਾਸਭਾ ਨੂੰ ਸੰਬੋਧਿਤ ਕਰਦਿਆਂ ਜੈਲੈਂਸਕੀ ਨੇ ਦੇਸ਼ਾਂ ਨੂੰ ਆਪਣਾ ਸਮਰਥਨ ਜਾਰੀ ਰੱਖਣ ਦੀ ਅਪੀਲ ਕੀਤੀ, ਕਿਉਂਕਿ ਯੂਕਰੇਨੀ ਫੌਜਾਂ ਲਗਾਤਾਰ ਡੱਟ ਕੇ ਰੂਸ ਦਾ ਮੁਕਾਬਲਾ ਕਰ ਰਹੀਆਂ ਹਨ।
ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਵੀਰਵਾਰ ਨੂੰ ਵ੍ਹਾਈਟ ਹਾਊਸ ਵਿਖੇ ਜੈਲੈਂਸਕੀ ਦੀ ਮੇਜ਼ਬਾਨੀ ਕਰਨਗੇ। ਕਿਹਾ ਜਾ ਰਿਹਾ ਹੈ ਕਿ ਜੈਲੈਂਸਕੀ ਸ਼ੁੱਕਰਵਾਰ ਨੂੰ ਓਟਾਵਾ ’ਚ ਆਉਣਗੇ ਅਤੇ ਇੱਥੇ ਉਨ੍ਹਾਂ ਵਲੋਂ ਪਾਰਲੀਮੈਂਟ ਨੂੰ ਸੰਬੋਧਿਤ ਕੀਤਾ ਜਾਵੇਗਾ। ਹਾਲਾਂਕਿ ਇਸ ਨੂੰ ਲੈ ਕੇ ਅਜੇ ਵੇਰਵੇ ਜਨਤਕ ਨਹੀਂ ਕੀਤੇ ਗਏ ਹਨ। ਰੂਸੀ ਹਮਲੇ ਦੌਰਾਨ ਵੀ ਜੈਲੈਂਸਕੀ ਵਲੋਂ ਵੀਡੀਓ ਕਾਨਫ਼ਰੰਸ ਰਾਹੀਂ ਕੈਨੇਡੀਅਨ ਸੰਸਦ ਨੂੰ ਸੰਬੋਧਿਤ ਕੀਤਾ ਸੀ। ਓਟਾਵਾ ਤੋਂ ਮਗਰੋਂ ਜੈਲੈਂਸਕੀ ਵਲੋਂ ਟੋਰਾਂਟੋ ਦਾ ਵੀ ਦੌਰਾ ਕੀਤਾ ਜਾਵੇ।
ਦੱਸ ਦਈਏ ਕਿ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਯੁੱਧ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਮੇਲਾਨੀ ਜੋਲੀ ਸਣੇ ਕਈ ਕੈਨੇਡੀਅਨ ਅਧਿਕਾਰੀ ਆਪਣਾ ਸਮਰਥਨ ਦੁਹਰਾਉਣ ਅਤੇ ਹੋਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਯੂਕਰੇਨ ਦਾ ਦੌਰਾ ਕਰ ਚੁੱਕੇ ਹਨ। ਯੁੱਧ ਦੌਰਾਨ ਕੈਨੇਡਾ ਯੂਕਰੇਨ ਦਾ ਇੱਕ ਉਤਸ਼ਾਹੀ ਸਮਰਥਕ ਰਿਹਾ ਹੈ ਅਤੇ ਉਸ ਵਲੋਂ ਯੂਕਰੇਨ ਨੂੰ 1 ਬਿਲੀਅਨ ਡਾਲਰ ਤੋਂ ਵੱਧ ਦੀ ਫੌਜੀ ਸਹਾਇਤਾ ਭੇਜੀ ਗਈ ਹੈ। ਇੰਨਾ ਹੀ ਨਹੀਂ, ਕੈਨੇਡਾ ਵਲੋਂ ਫੌਜੀ ਸਹਾਇਤਾ ਤੋਂ ਦੁੱਗਣੀ ਰਾਸ਼ੀ ਆਰਥਿਕ ਸਹਾਇਤਾ ਦੇ ਰੂਪ ’ਚ ਭੇਜੀ ਜਾ ਚੁੱਕੀ ਹੈ।