ਜਲੰਧਰ- ਪੁਰਾਤਣ ਕਾਲ ਤੋਂ ਹੀ ਰਿਸ਼ਤਿਆਂ ਨੂੰ ਵੱਖ ਵੱਖ ਕਿਸਰਦਾਰਾਂ ਨਾਲ ਜੋੜ ਕੇ ਵੇਖਿਆ ਜਾਂਦਾ ਹੈ । ਭਗਵਾਨ ਕ੍ਰਿਸ਼ਣ ਦੇ ਮਾਮਾ ਕੰਸ ਦੇ ਅਤਿਆਚਾਰ ਅਤੇ ਬਾਅਦ ਚ ਭਾਣਜੇ ਕ੍ਰਿਸ਼ਣ ਵਲੋਂ ਮਾਮਾ ਕੰਸ ਦਾ ਵੱਧ ਕਰਨਾ ਪੂਰੀ ਦੁਨੀਆ ਨੂੰ ਇਕ ਵੱਖਰੀ ਕਹਾਣੀ ਦੇ ਗਿਆ । ਇਸਤੋਂ ਬਾਅਦ ਮਾਮਾ ਸ਼ਬਦ ਦੇ ਨਾਲ ਕੰਸ ਨੂੰ ਜੋੜ ਕੇ ਇਲਜ਼ਾਮ ਲਗਾਉਣੇ ਅਤੇ ਮਜ਼ਾਕ ਬਨਾਉਣਾ ਸ਼ੁਰੂ ਹੋ ਗਿਆ ।ਫਿਰ ਜੋੜੀ ਆਈ ਸ਼ਕੁਨੀ ਅਤੇ ਦੁਰਯੋਧਨ ਦੀ । ਇੱਥੇ ਵੀ ਮਾਮਾ ਸ਼ਕੁਨੀ ਦਾ ਕਿਰਦਾਰ ਨਕਰਾਤਮਕ ਹੀ ਸੀ ।ਮਾਮਿਆਂ ਨੂੰ ਕੰਸ ਅਤੇ ਸ਼ਕੁਨੀ ਦਾ ਨਾਂ ਦੇ ਪਰਿਵਾਰਾਂ ਚ ਮਹਿਨੇ ਅਕਸਰ ਮਾਰੇ ਜਾਂਦੇ ਹਨ ।ਉਹ ਸਤਿਯੁਗ ਸੀ ਤੇ ਹੁਣ ਕਲਿਯੁੱਗ ਹੈ । ਅੱਜਕਲ੍ਹ ਦੇ ਮਾਮੇ ਭਾਣਜੇ ਦਾ ਵੱਧ ਨਹੀਂ ਕਰਦੇ ਸਗੋਂ ਸ਼ਕੁਨੀ ਵਾਂਗ ਆਪਣੇ ਨਾਲ ਰਲਾ ਕੇ ਵੱਡੇ ਕਾਰਨਾਮੇ ਕਰ ਰਹੇ ਹਨ । ਪੰਜਾਬ ਦੀ ਸਿਆਸਤ ਚ ਅੱਜਕਲ੍ਹ ਇਨ੍ਹਾਂ ਮਾਮੇ-ਭਾਣਜਿਆਂ ਦੀ ਜੋੜੀ ਖੂਬ ਚਰਚਾ ਬਟੋਰ ਰਹੀ ਹੈ ।
ਸਿਆਸਤ ਚ ਮਾਮੇ-ਭਾਣਜੇ ਦੀ ਜੋੜੀ ਨੇ ਐਂਟਰੀ ਕੀਤੀ ਸਾਲ 2013 ਵਿੱਚ । ਕੇਂਦਰ ਚ ਕੇਂਦਰੀ ਰੇਲ ਮੰਤਰੀ ਕਾਂਗਰਸ ਦੇ ਨੇਤਾ ਪਵਨ ਬਾਂਸਲ ਦੇ ਭਾਣਜੇ , ਸੰਯੋਗ ਇਹ ਹੈ ਕਿ ਉਸ ਦਾ ਨਾਂ ਵੀ ਵਿਜੈ ਸਿੰਗਲਾ ਹੀ ਹੈ , ਨੇ ਰੇਲਵੇ ਬੋਰਡ ਦੇ ਮੈਂਬਰ ਤੋਂ 90 ਲੱਖ ਦੀ ਰਿਸ਼ਵਤ ਲਈ । ਭਾਣਜੇ ਦੀ ਗ੍ਰਿਫਤਾਰੀ ਹੋਈ ਤਾਂ ਇਲਜ਼ਾਮ ਲੱਗੇ ਕਿ ਭਾਣਜਾ ਆਪਣੇ ਮੰਤਰੀ ਮਾਮੇ ਲਈ ਉਗਾਹੀ ਕਰਦਾ ਸੀ ।
ਫਿਰ ਲੰਮੇ ਸਮੇਂ ਬਾਅਦ ਸਾਲ 2022 ਚ ਕਾਂਗਰਸ ਸਰਕਾਰ ਵੇਲੇ ਹੀ ਇਕ ਹੋਰ ਭਾਣਜ ਚਰਚਾ ਚ ਆਇਆ । ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ਈ.ਡੀ ਵਲੋਂ ਗ੍ਰਿਫਤਾਰ ਕੀਤਾ ਗਿਆ । ਵੱਡੀ ਗਿਣਤੀ ਚ ਕੈਸ਼ ਅਤੇ ਹੋਰ ਬੇਸ਼ਕਿਮਤੀ ਸਮਾਨ ਬਰਾਮਦ ਕੀਤਾ ਗਿਆ । ਇਸ ਭਾਣਜੇ ‘ਤੇ ਵੀ ਇਲਜ਼ਾਮ ਲੱਗਾ ਕਿ ਭਾਣਜਾ ਸਾਹਿਬ ਆਪਣੇ ਮੁੱਖ ਮੰਤਰੀ ਮਾਮੇ ਦੀ ਕੁਰਸੀ ਦਾ ਫਾਇਦਾ ਚੁੱਕ ਕੇ ਪੈਸੇ ਇਕੱਠੇ ਕਰ ਰਿਹਾ ਹੈ । ਮਾਮਾ ਜੀ ਵੀ ਇਲਜ਼ਾਮਾਂ ਦੇ ਘੇਰੇ ਚ ਹਨ । ਈ.ਡੀ ਦੋਹਾਂ ਤੋਂ ਪੁੱਛਗਿੱਛ ਕਰ ਰਹੀ ਹੈ । ਭਾਣਜਾ ਜੇਲ੍ਹ ਦੀ ਹਵਾ ਖਾ ਰਿਹਾ ਹੈ ।
ਕਾਂਗਰਸ ਨੂੰ ਭ੍ਰਿਸ਼ਟਾਚਾਰੀ ਦੱਸ 2022 ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ।ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸਰਕਾਰ ਬਨਣ ਦੇ 20 ਦਿਨਾਂ ਬਾਅਦ ਹੀ ਪੂਰੇ ਦੇਸ਼ ਚ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ‘ਮੇਰੇ ਭਗਵੰਤ ਨੇ ਤੋ ਬੀਸ ਦਿਨੋ ਮੇ ਪੰਜਾਬ ਸੇ ਭ੍ਰਿਸ਼ਟਾਚਾਰ ਖਤਮ ਕਰ ਦਿਆ ਹੈ’ । ਮਾਨ ਸਰਕਾਰ ਦੇ ਸਿਹਮਤ ਮੰਤਰੀ ਨੂੰ ਦੋ ਮਹੀਨਿਆਂ ਬਾਅਦ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਹੇਠ ਕੈਬਨਿਟ ਚੋਂ ਬਾਹਰ ਕੱਢ ਸਲਾਖਾ ਪਿੱਛੇ ਭੇਜ ਦਿੱਤਾ ਗਿਆ ਹੈ । ਇੱਥੇ ਵੀ ਮਾਮੇ ਦਾ ਸਹਾਇਕ ਭਾਣਜਾ ਹੀ ਨਿਕਲਿਆ ।ਭਾਣਜਾ ਪ੍ਰਦੀਪ ਕੁਮਾਰ ਮੰਤਰੀ ਮਾਮੇ ਦਾ ਓ.ਐੱਸ.ਡੀ ਬਣ ਕੇ ਵਿਭਾਗ ਦੇ ਅਫਸਰਾਂ ਤੋਂ ਟੈਂਡਰਾਂ ਦੀ ਕਮੀਸ਼ਨ ਮੰਗਦਾ ਸੀ ।ਇਹ ਜੋੜਾ ਹੁਣ ਹਵਾਲਾਤ ਚ ਬੈਠ ਕੇ ਲਾਲਚ ਨੂੰ ਕੋਸ ਰਿਹਾ ਹੈ ।