ਆਗਰਾ ਦੇ ਬਜ਼ੁਰਗ ਨੇ ਚੁੱਕਿਆ ਅਨੋਖਾ ਕਦਮ

ਆਗਰਾ : ਆਗਰਾ ਦੇ 88 ਸਾਲਾ ਬਜ਼ੁਰਗ ਗਣੇਸ਼ ਸ਼ੰਕਰ ਨੂੰ ਜਦੋਂ ਉਸਦੇ ਪੁੱਤਰਾਂ ਨੇ ਠੁਕਰਾ ਦਿੱਤਾ, ਤਾਂ ਉਸਨੇ ਇਕ ਅਨੋਖਾ ਕਦਮ ਚੁੱਕਿਆ ਜਿਸ ਨੇ ਉਸਨੂੰ ਮੀਡੀਆ ਦੀਆਂ ਸੁਰਖੀਆਂ ਵਿਚ ਲੈ ਆਂਦਾ।

ਆਗਰਾ ਦੇ ਪਿੱਪਲਮੰਡੀ ਨਿਰਾਲਾਬਾਦ ਦੇ ਰਹਿਣ ਵਾਲੇ ਗਣੇਸ਼ ਸ਼ੰਕਰ ਪਾਂਡੇ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਉਸ ਨੇ ਆਪਣੀ ਲਗਭਗ 225 ਵਰਗ ਗਜ਼ ਦੀ ਜਾਇਦਾਦ ਆਗਰਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਨਾਂਅ ਕਰਵਾ ਦਿੱਤੀ ਹੈ।

ਬਜ਼ੁਰਗ ਵਿਅਕਤੀ ਨੇ ਵਸੀਅਤ ਦੀ ਕਾਪੀ ਆਗਰਾ ਸਿਟੀ ਮੈਜਿਸਟ੍ਰੇਟ ਨੂੰ ਵੀ ਸੌਂਪ ਦਿੱਤੀ ਹੈ। ਬਜ਼ੁਰਗ ਨੇ ਖੁਦ ਇਸ ਦੀ ਜਾਣਕਾਰੀ ਦਿੱਤੀ। ਬਜ਼ੁਰਗ ਦਾ ਕਹਿਣਾ ਹੈ ਕਿ ਕਾਫੀ ਸੋਚ ਵਿਚਾਰ ਤੋਂ ਬਾਅਦ ਉਸ ਨੇ ਇਹ ਕਦਮ ਚੁੱਕਿਆ ਹੈ।

ਬਜ਼ੁਰਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਘਰ ਵਿਚ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਸਭ ਕੁਝ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਉਨ੍ਹਾਂ ਦਾ ਵੱਡਾ ਬੇਟਾ ਦਿਗਵਿਜੇ, ਨੂੰਹ ਅਤੇ ਦੋ ਪੋਤੇ-ਪੋਤੀਆਂ ਉਨ੍ਹਾਂ ਦੇ ਨਾਲ ਰਹਿੰਦੇ ਹਨ ਪਰ ਪਿਛਲੇ ਕੁਝ ਸਮੇਂ ਤੋਂ ਦਿਗਵਿਜੇ ਲਗਾਤਾਰ ਜਾਇਦਾਦ ਦੇ ਚੌਥਾਈ ਹਿੱਸੇ ਦੀ ਮੰਗ ਕਰ ਰਹੇ ਹਨ, ਜੋ ਉਨ੍ਹਾਂ ਦੀ ਪਰੇਸ਼ਾਨੀ ਦਾ ਸਭ ਤੋਂ ਵੱਡਾ ਕਾਰਨ ਹੈ।

ਜੇ ਉਸ ਦੇ ਦੋਵੇਂ ਪੁੱਤਰ ਉਸ ਦੀ ਦੇਖਭਾਲ ਨਹੀਂ ਕਰਦੇ, ਤਾਂ ਉਹ ਆਪਣੇ ਪੁੱਤਰਾਂ ਨੂੰ ਜਾਇਦਾਦ ਦੇ ਕੇ ਕੀ ਕਰੇ। ਗਣੇਸ਼ ਸ਼ੰਕਰ ਨੇ ਦੱਸਿਆ ਕਿ ਉਸ ਨੇ ਆਪਣੇ ਭਰਾ ਨਰੇਸ਼ ਸ਼ੰਕਰ ਪਾਂਡੇ, ਰਘੂਨਾਥ ਅਤੇ ਅਜੇ ਸ਼ੰਕਰ ਨਾਲ ਮਿਲ ਕੇ 1983 ‘ਚ 1000 ਗਜ਼ ਜ਼ਮੀਨ ਖਰੀਦ ਕੇ ਆਲੀਸ਼ਾਨ ਘਰ ਬਣਾਇਆ ਸੀ।

ਘਰ ਦੀ ਕੀਮਤ ਕਰੀਬ 13 ਕਰੋੜ ਰੁਪਏ ਹੈ। ਸਮੇਂ ਦੇ ਨਾਲ, ਚਾਰੇ ਭਰਾ ਆਪਸ ਵਿਚ ਅੱਡ ਹੋ ਗਏ। ਫਿਲਹਾਲ ਗਣੇਸ਼ ਸ਼ੰਕਰ ਚੌਥੇ ਹਿੱਸੇ ਦੇ ਮਾਲਕ ਹਨ, ਜਿਸ ਦੀ ਕੀਮਤ ਕਰੀਬ ਦੋ ਕਰੋੜ ਰੁਪਏ ਬਣਦੀ ਹੈ।

ਟੀਵੀ ਪੰਜਾਬ ਬਿਊਰੋ