Ottawa- ਕੈਨੇਡਾ ਵਲੋਂ ਭਾਰਤ ਤੋਂ ਆਪਣੇ 41 ਡਿਪਲੋਮੈਟਾਂ ਨੂੰ ਵਾਪਸ ਸੱਦਣ ਦੇ ਐਲਾਨ ਤੋਂ ਬਾਅਦ ਬ੍ਰਿਟੇਨ ਅਤੇ ਅਮਰੀਕਾ ਵੀ ਇਸ ਵਿਵਾਦ ’ਚ ਕੁੱਦ ਪਏ ਹਨ। ਇਸ ਮਾਮਲੇ ’ਤੇ ਦੋਹਾਂ ਦੇਸ਼ਾਂ ਦੀਆਂ ਪ੍ਰਤੀਕਿਰਿਆਵਾਂ ਕੈਨੇਡਾ ਦੀਆਂ ਦਲੀਲਾਂ ਦਾ ਸਮਰਥਨ ਕਰਦੀਆਂ ਜਾਪਦੀਆਂ ਹਨ। ਦੋਵੇਂ ਦੇਸ਼ ਭਾਰਤ ਨੂੰ ਵਿਆਨਾ ਕਨਵੈਨਸ਼ਨ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਕਹਿ ਰਹੇ ਹਨ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਭਾਰਤ ਨੂੰ ਡਿਪਲੋਮੈਟਾਂ ਦੀ ਮੌਜੂਦਗੀ ਘੱਟ ਕਰਨ ’ਤੇ ਜ਼ੋਰ ਨਹੀਂ ਦੇਣਾ ਚਾਹੀਦਾ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਕਿਹਾ, ‘‘ਅਸੀਂ ਕੈਨੇਡੀਅਨ ਡਿਪਲੋਮੈਟਾਂ ਦੇ ਭਾਰਤ ਛੱਡਣ ਨੂੰ ਲੈ ਕੇ ਚਿੰਤਤ ਹਾਂ।’’
ਅਮਰੀਕੀ ਪੱਖ ਤੋਂ ਕਿਹਾ ਗਿਆ ਸੀ ਕਿ ਸਮੱਸਿਆਵਾਂ ਦੇ ਹੱਲ ਲਈ ਡਿਪਲੋਮੈਟਾਂ ਦਾ ਜ਼ਮੀਨ ’ਤੇ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਕੈਨੇਡਾ ਦੀ ਤਰਫੋਂ ਭਾਰਤ ਨੂੰ ਵੱਖਵਾਦੀ ਨੇਤਾ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਸਬੰਧਤ ਜਾਂਚ ਵਿੱਚ ਸਹਿਯੋਗ ਕਰਨ ਲਈ ਵੀ ਕਿਹਾ ਹੈ। ਅਮਰੀਕਾ ਨੇ ਭਾਰਤ ਨੂੰ ਵਿਆਨਾ ਕਨਵੈਨਸ਼ਨ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ। ਪ੍ਰੈੱਸ ਰਿਲੀਜ਼ ਦੇ ਅਨੁਸਾਰ, ‘‘ਅਮਰੀਕਾ ਭਾਰਤ ਤੋਂ 1961 ਦੇ ਵਿਏਨਾ ਕਨਵੈਨਸ਼ਨ ਦੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਦੀ ਉਮੀਦ ਕਰਦਾ ਹੈ, ਜਿਸ ’ਚ ਕੈਨੇਡੀਅਨ ਮਿਸ਼ਨ ਮੈਂਬਰਾਂ ਦੀ ਕੂਟਨੀਤਕ ਛੋਟ ਅਤੇ ਸਹੂਲਤਾਂ ਦਾ ਸਨਮਾਨ ਸ਼ਾਮਲ ਹੈ।’’ ਅਮਰੀਕੀ ਵਿਦੇਸ਼ ਵਿਭਾਗ ਮੁਤਾਬਕ ਮਤਭੇਦਾਂ ਨੂੰ ਸੁਲਝਾਉਣ ਲਈ ਜ਼ਮੀਨੀ ਪੱਧਰ ’ਤੇ ਡਿਪਲੋਮੈਟਾਂ ਦੀ ਲੋੜ ਹੁੰਦੀ ਹੈ। ਅਸੀਂ ਭਾਰਤ ਸਰਕਾਰ ਨੂੰ ਕੈਨੇਡਾ ਦੀ ਕੂਟਨੀਤਕ ਮੌਜੂਦਗੀ ਦੀ ਘਾਟ ’ਤੇ ਜ਼ੋਰ ਨਾ ਦੇਣ ਅਤੇ ਚੱਲ ਰਹੀ ਕੈਨੇਡੀਅਨ ਜਾਂਚ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।
ਇਸ ਮੁੱਦੇ ’ਤੇ ਬਰਤਾਨੀਆ ਤੋਂ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ ਹੈ। ਬ੍ਰਿਟੇਨ ਦੇ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫਤਰ ਦੇ ਬੁਲਾਰੇ ਵਲੋਂਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਅਸੀਂ ਭਾਰਤ ਵਲੋਂ ਲਏ ਗਏ ਫੈਸਲੇ ਨਾਲ ਸਹਿਮਤ ਨਹੀਂ ਹਾਂ, ਜਿਸ ਕਾਰਨ ਕੈਨੇਡੀਅਨ ਡਿਪਲੋਮੈਟਾਂ ਨੂੰ ਵੱਡੀ ਗਿਣਤੀ ਵਿੱਚ ਭਾਰਤ ਛੱਡਣਾ ਪਿਆ। ਬ੍ਰਿਟੇਨ ਨੇ ਆਪਣੇ ਬਿਆਨ ’ਚ ਵਿਆਨਾ ਕਨਵੈਨਸ਼ਨ ਦਾ ਪਾਲਣ ਕਰਨ ਦੀ ਗੱਲ ਕਰਦਾ ਹੈ। ਬਿਆਨ ’ਚ ਲਿਖਿਆ ਗਿਆ ਹੈ ਕਿ ਡਿਪਲੋਮੈਟਾਂ ਦੀ ਸੁਰੱਖਿਆ ਨਾਲ ਸਬੰਧਤ ਸਹੂਲਤਾਂ ਅਤੇ ਛੋਟ ਨੂੰ ਇਕਪਾਸੜ ਤੌਰ ’ਤੇ ਹਟਾਉਣਾ ਵਿਆਨਾ ਕਨਵੈਨਸ਼ਨ ਦੇ ਮੁੱਲਾਂ ਨਾਲ ਮੇਲ ਨਹੀਂ ਖਾਂਦਾ। ਡਿਪਲੋਮੈਟਾਂ ਦੀ ਰੱਖਿਆ ਕਰਨ ਵਾਲੇ ਵਿਸ਼ੇਸ਼ ਅਧਿਕਾਰਾਂ ਅਤੇ ਛੋਟਾਂ ਨੂੰ ਇਕਪਾਸੜ ਤੌਰ ’ਤੇ ਹਟਾਉਣਾ ਵਿਆਨਾ ਕਨਵੈਨਸ਼ਨ ਦੇ ਸਿਧਾਂਤਾਂ ਜਾਂ ਪ੍ਰਭਾਵੀ ਕੰਮਕਾਜ ਦੇ ਅਨੁਕੂਲ ਨਹੀਂ ਹੈ।
ਦੱਸ ਦਈਏ ਕਿ ਸ਼ੁੱਕਰਵਾਰ ਨੂੰ, ਕੈਨੇਡੀਅਨ ਸਰਕਾਰ ਨੇ ਦੋਸ਼ ਲਾਇਆ ਕਿ ਉਸਨੇ ਭਾਰਤ ਤੋਂ ਆਪਣੇ 41 ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਹੈ ਕਿਉਂਕਿ ਭਾਰਤ ਨੇ 20 ਅਕਤੂਬਰ ਤੋਂ ਬਾਅਦ ਇੱਕਤਰਫਾ ਤੌਰ ’ਤੇ ਉਨ੍ਹਾਂ ਦੀ ਕੂਟਨੀਤਕ ਛੋਟ ਨੂੰ ਹਟਾਉਣ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਕੈਨੇਡਾ ਨੇ ਭਾਰਤ ਦੇ ਤਿੰਨ ਸ਼ਹਿਰਾਂ ’ਚ ਕੌਂਸਲਰ ਅਤੇ ਵੀਜ਼ਾ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਸਨ।