ਵੱਧ ਸਕਦੀਆਂ ਹਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਬੇਟੇ ਦੀਆਂ ਮੁਸ਼ਕਲਾਂ, ਨਿਆਂ ਵਿਭਾਗ ਨੇ ਕੀਤੀ ਵਿਸ਼ੇਸ਼ ਵਕੀਲ ਦੀ ਨਿਯੁਕਤੀ

Washington- ਅਮਰੀਕੀ ਨਿਆਂ ਵਿਭਾਗ ਨੇ ਅੱਜ ਰਾਸ਼ਟਰਪਤੀ ਜੋਅ ਬਾਇਡਨ ਦੇ ਬੇਟੇ ਹੰਟਰ ਬਾਈਡਨ ’ਤੇ ਟੈਕਸ ਚੋਰੀ ਦੇ ਮਾਮਲੇ ’ਚ ਜਾਂਚ ਤੇਜ਼ ਕਰ ਦਿੱਤੀ ਹੈ। ਹੰਟਰ ਬਾਇਡਨ ’ਤੇ ਟੈਕਸ ਚੋਰੀ ਕਰਨ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਹਥਿਆਰ ਰੱਖਣ ਦਾ ਦੋਸ਼ ਹੈ। ਇਸ ਮਾਮਲੇ ’ਚ ਨਿਆਂ ਵਿਭਾਗ ਨੇ ਇੱਕ ਵਿਸ਼ੇਸ਼ ਵਕੀਲ ਨਿਯਕੁਤ ਕੀਤਾ ਹੈ। ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਡੇਲਾਵੇਅਰ ਸੰਘੀ ਵਕੀਲ ਡੇਵਿਡ ਵੀਸ ਨੂੰ ਨਿਯੁਕਤ ਕੀਤਾ ਹੈ।
ਦੱਸ ਦਈਏ ਕਿ ਹੰਟਰ ਬਾਇਡਨ ਨੇ ਆਪਣੇ ਪਿਤਾ ਦੇ 2009-2017 ਦੇ ਉਪਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਅਤੇ ਉਸ ਤੋਂ ਮਗਰੋਂ ਚੀਨ, ਯੂਕਰੇਨ ਅਤੇ ਹੋਰ ਥਾਵਾਂ ’ਤੇ ਕੀਤੇ ਗਏ ਵਪਾਰਿਕ ਸੌਦਿਆਂ ਨੂੰ ਲੈ ਕੇ ਕਾਂਗਰਸ ’ਚ ਜਾਂਚ ਦੇ ਦਾਇਰੇ ’ਚ ਆਏ ਸਨ। ਇੱਕ ਸਾਬਕਾ ਵਪਾਰਕ ਸਹਿਯੋਗੀ ਨੇ ਹਾਲ ’ਚ ਹੀ ’ਚ ਕਾਂਗਰਸ ਨੂੰ ਦੱਸਿਆ ਸੀ ਕਿ ਹੰਟਰ ਬਾਇਡਨ ਨੇ ਆਪਣੇ ਪਿਤਾ ਨੂੰ ਕਈ ਵਾਰ ਆਪਣੇ ਵਿਦੇਸ਼ੀ ਸਾਂਝੀਦਾਰਾਂ ਨਾਲ ਟੈਲੀਫੋਨ ’ਤੇ ਗੱਲਬਾਤ ਦੌਰਾਨ ਸ਼ਾਮਿਲ ਕੀਤਾ ਸੀ। ਰੀਪਬਲਕਿਨਾਂ ਨੇ ਦੋਸ਼ ਲਾਇਆ ਹੈ ਕਿ ਜੋਅ ਬਾਇਡਨ ਨੇ ਆਪਣੇ ਬੇਟੇ ਹੰਟਰ ਬਾਇਡਨ ਦੀ ਮਦਦ ਲਈ ਆਪਣੇ ਸਿਆਸੀ ਅਹੁਦੇ ਦੀ ਵਰਤੋਂ ਕੀਤੀ ਹੈ। ਹਾਲਾਂਕਿ ਜੋਅ ਬਾਇਡਨ ਨੇ ਵਿਰੋਧੀਆਂ ਵਲੋਂ ਲਾਏ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ।