Washington – ਅਮਰੀਕਾ ਅਤੇ ਚੀਨ ਵਿਚਾਲੇ ਵਪਾਰਕ ਯੁੱਧ ’ਤੇ ਗੱਲ ਕਰਦਿਆਂ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਅਮਰੀਕਾ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਿਹਾ ਹੈ ਕਿ ਚੀਨ ਨਾਲ ਮੁਕਾਬਲਾ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿਚਾਲੇ ਚੱਲ ਰਹੇ ਟਕਰਾਅ ’ਚ ਨਾ ਬਦਲ ਜਾਵੇ, ਜਿਹੜਾ ਕਿ ਕਿਸੇ ਦੇ ਹਿੱਤ ’ਚ ਨਹੀਂ ਹੋਵੇਗਾ। ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਇਹ ਗੱਲ ਆਖੀ। ਐਂਟਨੀ ਨੇ ਅੱਗੇ ਕਿਹਾ ਕਿ ਅਮਰੀਕਾ ਅਤੇ ਚੀਨ ਦੋਵੇਂ ਦੇਸ਼ ਆਪਣੇ ਰਿਸ਼ਤੇ ਸੁਧਾਰਨ ਲਈ ਕੰਮ ਕਰ ਰਹੇ ਹਨ। ਉਹ ਇਹ ਵੀ ਕਿਹਾ ਕਿ ਅਸੀਂ ਦੋਹਾਂ ਦੇਸ਼ਾਂ ਵਿਚਾਲੇ ਸੰਚਾਰ ਦੇ ਤਰੀਕਿਆਂ ਨੂੰ ਮਜ਼ਬੂਤ ਕਰਨ, ਗੱਲਬਾਤ ਕਰਨ ਅਤੇ ਸਾਡੇ ਡੂੰਘੇ ਮਤਭੇਦਾਂ ਨੂੰ ਘੱਟ ਕਰਨ ਲਈ ਕੰਮ ਕਰ ਰਹੇ ਹਾਂ। ਅਮਰੀਕੀ ਵਿਦੇਸ਼ ਮੰਤਰੀ ਨੇ ਅੱਗੇ ਕਿ ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤੇ ਖ਼ਰਾਬ ਹੋਣ ਨਾਲ ਪੂਰੀ ਦੁਨੀਆ ’ਤੇ ਇਸਦਾ ਅਸਰ ਪੈਂਦਾ ਹੈ। ਦੱਸਣਯੋਗ ਹੈ ਕਿ ਅਮਰੀਕੀ ਵਿਦੇਸ਼ ਮੰਤਰੀ ਨੇ ਹਾਲ ਹੀ ’ਚ ਚੀਨ ਦਾ ਦੋ ਦਿਨਾਂ ਦੌਰਾ ਕੀਤਾ ਸੀ। ਇਸ ਦੇ ਨਾਲ ਹੀ ਉਹ ਪਿਛਲੇ ਪੰਜ ਸਾਲਾਂ ਦੌਰਾਨ ਚੀਨ ਦਾ ਦੌਰਾ ਕਰਨ ਵਾਲੇ ਪਹਿਲੇ ਵਿਦੇਸ਼ ਮੰਤਰੀ ਸਨ।