Ottawa- ਭਾਰਤ ਅਤੇ ਕੈਨੇਡਾ ਵਿਚਾਲੇ ਵਧਦੀ ਜਾ ਰਹੀ ਤਲਖ਼ੀ ਦਰਮਿਆਨ ਇਹ ਖ਼ਬਰ ਸਾਹਮਣੇ ਆਈ ਹੈ ਕਿ ਅਮਰੀਕਾ ਨੇ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ’ਚ ਕੈਨੇਡਾ ਨਾਲ ਖ਼ੁਫ਼ੀਆ ਜਾਣਕਾਰੀ ਸਾਂਝੀ ਕੀਤੀ ਸੀ। ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ’ਚ ਇਸ ਗੱਲ ਦਾ ਖ਼ੁਲਾਸਾ ਕੀਤਾ ਗਿਆ ਹੈ। ਰਿਪੋਰਟ ’ਚ ਇਹ ਦੱਸਿਆ ਗਿਆ ਹੈ ਕਿ ਸਰੀ ’ਚ ਨਿੱਝਰ ਦੀ ਹੱਤਿਆ ਦੇ ਮਗਰੋਂ ਅਮਰੀਕੀ ਖ਼ੁਫ਼ੀਆ ਏਜੰਸੀਆ ਨੇ ਕੈਨੇਡਾ ਨੂੰ ਸੂਚਨਾ ਭੇਜੀ ਸੀ, ਜਿਸ ਦੇ ਆਧਾਰ ’ਤੇ ਕੈਨੇਡਾ ਨੇ ਭਾਰਤ ’ਤੇ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਸੀ।
ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਦੀ ਖ਼ੁਫ਼ੀਆ ਏਜੰਸੀਆਂ ਨੇ ਕੈਨੇਡਾ ’ਚ ਆਪਣੇ ਹਮਰੁਤਬਾ ਦੇ ਨਾਲ ਭਾਰਤੀ ਡਿਪਲੋਮੈਟਾਂ ਦੀ ਫੋਨ ਜਾਂ ਕਿਸੇ ਵੀ ਸੰਚਾਰ ਮਾਧਿਅਮ ਰਾਹੀਂ ਕੀਤੀ ਗਈ ਗੱਲਬਾਤ ਨੂੰ ਇੰਟਰਸੈਪਟ (ਸੁਣਿਆ ਗਿਆ ਜਾਂ ਕਿਸੇ ਤਰ੍ਹਾਂ ਨਾਲ ਜਾਣਕਾਰੀ ਲਈ ਗਈ) ਕੀਤਾ ਸੀ ਅਤੇ ਕੈਨੇਡਾ ਨੂੰ ਭੇਜਿਆ ਸੀ। ਇਸੇ ਦੇ ਆਧਾਰ ’ਤੇ ਕੈਨੇਡਾ ਵਲੋਂ ਭਾਰਤ ਵਿਰੁੱਧ ਹੱਤਿਆ ਦੇ ਦੋਸ਼ ਲਾਏ ਗਏ।
ਹਾਲਾਂਕਿ ਇਸ ਮਾਮਲੇ ’ਚ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਉਸ ਨਾਲ ਕੋਈ ਵੀ ਸਬੂਤ ਸਾਂਝੇ ਨਹੀਂ ਕੀਤੇ ਗਏ ਹਨ, ਨਾ ਹੀ ਕਿਸੇ ਤਰ੍ਹਾਂ ਦੀ ਜਾਣਕਾਰੀ ਦਿੱਤੀ ਗਈ ਹੈ, ਜਦੋਂਕਿ ਕੈਨੇਡਾ ਦੇ ਪ੍ਰਧਾਨ ਜਸਟਿਨ ਟਰੂਡੋ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਹਫ਼ਤਿਆਂ ਪਹਿਲਾਂ ਹੀ ਭਾਰਤ ਸਰਕਾਰ ਨਾਲ ਜਾਣਕਾਰੀ ਸਾਂਝੀ ਕੀਤੀ ਸੀ।