Washington- ਅਮਰੀਕਾ ‘ਚ ਇਨ੍ਹੀਂ-ਦਿਨੀਂ ਰਿਟੇਲ ਦੇ ਪ੍ਰਮੁੱਖ ਸਟੋਰਾਂ ‘ਤੇ ਰੋਜ਼ਾਨਾ ਵਰਤੋਂ ‘ਚ ਆਉਣ ਵਾਲੀਆਂ ਚੀਜ਼ਾਂ, ਜਿਵੇਂ ਕਿ ਚਾਕਲੇਟ, ਵਾਸ਼ਿੰਗ ਪਾਊਡਰ, ਟੂਥਪੇਸਟ ਆਦਿ ਨੂੰ ਜ਼ਿੰਦਰੇ ਲਾ ਕੇ ਰੱਖਿਆ ਜਾ ਰਿਹਾ ਹੈ। ਅਮਰੀਕਾ ਵਰਗੇ ਅਮੀਰ ਦੇਸ਼ ‘ਚ ਅਜਿਹੀਆਂ ਚੀਜ਼ਾਂ ਨੂੰ ਸਟੋਰਾਂ ਦੇ ਅੰਦਰ ਜ਼ਿੰਦਰੇ ਲਗਾ ਕੇ ਰੱਖਣ ਦੀ ਪਿੱਛੇ ਦੀ ਵਜ੍ਹਾ ਨੂੰ ਲੈ ਕੇ ਸਵਾਲ ਵੀ ਚੁੱਕੇ ਜਾ ਰਹੇ ਹਨ। ਅਸਲ ‘ਚ ਅਮਰੀਕਾ ‘ਚ ਇਨ੍ਹੀਂ-ਦਿਨੀਂ ਸਟੋਰਾਂ ‘ਚ ਇੰਨੀਆਂ ਜ਼ਿਆਦਾ ਚੋਰੀਆਂ ਹੋਣ ਲੱਗ ਪਈਆਂ ਕਿ ਹਨ ਕਿ ਅਜਿਹੀਆਂ ਚੀਜ਼ਾਂ ਨੂੰ ਜਿੰਦੇ ਲਗਾ ਕੇ ਰੱਖਿਆ ਜਾ ਰਿਹਾ ਹੈ। ਖ਼ਾਸ ਵਜ੍ਹਾ ਇਹ ਹੈ ਕਿ ‘ਕੋਸਟ ਆਫ਼ ਲਿਵਿੰਗ’ ਭਾਵ ਕਿ ਰਹਿਣ-ਖਾਣ ‘ਤੇ ਹੋਣ ਵਾਲੇ ਖ਼ਰਚੇ ਦੇ ਵਧਣ ਕਰਨ ਲੋਕ ਰਿਟੇਲ ਦੇ ਸਟੋਰਾਂ ਤੋਂ ਅਜਿਹੇ ਸਮਾਨਾਂ ਦੀ ਚੋਰੀ ਕਰਨ ਲੱਗ ਪਏ ਹਨ। ਵਧਦੀ ਮਹਿੰਗਾਈ ਦਾ ਅਸਰ ਖਪਤਕਾਰਾਂ ‘ਤੇ ਪੈ ਰਿਹਾ ਹੈ। ਅਜਿਹੇ ‘ਚ ਕੁਝ ਗਾਹਕ ਸਟੋਰਾਂ ਤੋਂ ਹੀ ਚੀਜ਼ਾਂ ‘ਤੇ ਹੱਥ ਸਾਫ਼ ਕਰ ਰਹੇ ਹਨ।
ਏ. ਐਫ. ਪੀ. ਦੀ ਰਿਪੋਰਟ ਮੁਤਾਬਕ, ਖ਼ਰੀਦਦਾਰੀ ਕਰਨ ਵਾਲੇ ਗਾਹਕਾਂ ਦਾ ਕਹਿਣਾ ਹੈ ਕਿ ਉਹ ਹੁਣ ਸਟੋਰਾਂ ‘ਤੇ ਜਾਣ ਤੋਂ ਡਰ ਰਹੇ ਹਨ। ਅਮਰੀਕਾ ‘ਚ ਸਟੋਰਾਂ ਜਾਂ ਦੁਕਾਨਾਂ ਤੋਂ ਸਮਾਨ ਚੋਰੀ ਨੂੰ ਹੁਣ ਪੂਰੇ ਸੰਗਠਿਤ ਤੌਰ ‘ਤੇ ਗਿਰੋਹ ਵਲੋਂ ਅੰਜਾਮ ਦਿੱਤਾ ਜਾ ਰਿਹਾ ਹੈ। ਵਾਲਮਾਰਟ ਅਤੇ ਟਾਰਗੈੱਟ ਵਰਗੇ ਵੱਡੇ ਅਮਰੀਕੀ ਰਿਟੇਲਰਾਂ ਅਤੇ ਦਵਾਈਆਂ ਦੀ ਵੱਡੀਆਂ ਕੰਪਨੀਆਂ ਸਮੇਤ ਕਈ ਵੱਡੀਆਂ ਰਿਟੇਲ ਆਊਟਲੈੱਟਸ ਨੇ ਸਟੋਰਾਂ ‘ਚ ਹੋਣ ਵਾਲੀ ਚੋਰੀ ਅਤੇ ਹਿੰਸਾ ਨੂੰ ਲੈ ਕੇ ਆਪਣੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਦੀ ਆਮਦਨ ‘ਤੇ ਅਸਰ ਪੈ ਰਿਹਾ ਹੈ।
ਅਸਲ ‘ਚ ਰਿਟੇਲ ਆਊਟਲੈੱਟਸ ‘ਚ ਚੀਜ਼ਾਂ ਦੀ ਖ਼ੁਦ ਹੀ ਚੋਣ ਕਰਕੇ ਉਨ੍ਹਾਂ ਨੂੰ ਆਪਣੀ ਬਾਸਕੈੱਟ ‘ਚ ਰੱਖਣ ਦਾ ਵਿਕਲਪ ਹੁੰਦਾ ਹੈ। ਲੋਕਾਂ ਦੀ ਮਦਦ ਲਈ ਸੇਲਜ਼ਮੈਨ ਵੀ ਹੁੰਦੇ ਹਨ ਪਕ ਲੋਕ ਖ਼ੁਦ ਆਪਣੀਆਂ ਜ਼ਰੂਰਤ ਦੀਆਂ ਚੀਜ਼ਾਂ ਨੂੰ ਚੁਣਦੇ ਹਨ ਅਤੇ ਉਨ੍ਹਾਂ ਨੂੰ ਸ਼ਾਪਿੰਗ ਕਾਰਟ ‘ਚ ਰੱਖਦੇ ਹਨ। ਕਈ ਸਟੋਰਾਂ ‘ਤੇ ਪੈਸਿਆਂ ਦਾ ਭੁਗਤਾਨ ਵੀ ਗਾਹਕ ਆਪ ਹੀ ਕਰਦੇ ਹਨ। ਇਸੇ ਵਜ੍ਹਾ ਕਾਰਨ ਚੋਰੀ ਦੀਆਂ ਸੰਭਾਵਨਾ ਕਾਫ਼ੀ ਵੱਧ ਜਾਂਦੀਆਂ ਹਨ। ਟਾਰਗੇਟ ਦੇ ਸੀ. ਈ. ਓ. ਬ੍ਰਾਇਨ ਕਾਰਨਵੈੱਲ ਨੇ ਕਿਹਾ ਕਿ ਇਸ ਸਾਲ ਦੇ ਸ਼ੁਰੂਆਤੀ ਪੰਜ ਮਹੀਨਿਆਂ ਦੌਰਾਨ ਉਨ੍ਹਾਂ ਦੇ ਸਟੋਰਾਂ ‘ਤੇ ਚੋਰੀ ਦੀਆਂ ਘਟਨਾਵਾਂ ‘ਚ 120 ਫ਼ੀਸਦੀ ਵਾਧਾ ਹੋਇਆ ਹੈ।
ਨੈਸ਼ਨਲ ਰਿਟੇਲ ਫੈੱਡਰਸ਼ਨ ਦੇ ਸਰਵੇ 2022 ਮੁਤਾਬਕ ਅਮਰੀਕਾ ਦੇ ਦੁਕਾਨਦਾਰਾਂ ਨੂੰ 2021 ‘ਚ 94.5 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਇਸ ਦਾ ਵੱਡਾ ਕਾਰਨ ਸਟੋਰਾਂ ‘ਚ ਹੋਣ ਵਾਲੀਆਂ ਚੋਰੀਆਂ ਹੀ ਹਨ। ਸਰਵੇ ਤੋਂ ਪਤਾ ਲੱਗਦਾ ਹੈ ਕਿ ਸਟੋਰਾਂ ‘ਚ ਹੋਣ ਵਾਲੇ ਸੰਗਠਿਤ ਅਪਰਾਧਾਂ ‘ਚ ਵੀ 26.5 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਸਰਵੇ ‘ਚ ਸ਼ਾਮਿਲ ਵਧੇਰੇ ਲੋਕਾਂ ਦਾ ਕਹਿਣਾ ਸੀ ਕਿ ਮਹਾਂਮਾਰੀ ਮਗਰੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਧੇਰੇ ਵਧੀਆਂ ਹਨ।