ਉੱਤਰੀ ਕੋਰੀਆ ’ਚ ਫੜੇ ਸੈਨਿਕ ਨੂੰ ਲੈ ਕੇ ਦੁੱਚਿਤੀ ’ਚ ਪਿਆ ਅਮਰੀਕਾ

Washington- ਬਾਇਡਨ ਪ੍ਰਸ਼ਾਸਨ ਇਸ ਗੱਲ ’ਤੇ ਵਿਚਾਰ-ਚਰਚਾ ਕਰ ਰਿਹਾ ਹੈ ਕਿ ਪਿਛਲੇ ਮਹੀਨੇ ਉੱਤਰੀ ਕੋਰੀਆ ’ਚ ਦਾਖ਼ਲ ਹੋਣ ਵਾਲੇ ਅਮਰੀਕੀ ਫੌਜ ਦੇ ਸਿਪਾਹੀ ਟ੍ਰੈਵਿਸ ਕਿੰਗ ਨੂੰ ਯੁੱਧ ਕੈਦੀ ਵਜੋਂ ਨਾਮਜ਼ਦ ਕੀਤਾ ਜਾਵੇ ਕਿ ਨਹੀਂ? ਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਤੱਕ ਕੋਈ ਅਧਿਕਾਰਕ ਫ਼ੈਸਲਾ ਨਹੀਂ ਲਿਆ ਗਿਆ। ਕਿੰਗ ਸੰਭਾਵੀ ਤੌਰ ’ਤੇ POW ਦੇ ਰੁਤਬੇ ਦੇ ਯੋਗ ਹੋ ਸਕਦਾ ਹੈ, ਕਿਉਂਕਿ ਕੋਰੀਆਈ ਯੁੱਧ ਸ਼ਾਂਤੀ ਸੰਧੀ ਦੀ ਬਜਾਏ ਯੁੱਧਬੰਦੀ ਦੇ ਰੂਪ ’ਚ ਖ਼ਤਮ ਹੋਇਆ ਸੀ, ਜਿਸ ਦਾ ਮਤਲਬ ਹੈ ਕਿ ਅਮਰੀਕਾ ਅਤੇ ਉੱਤਰੀ ਕੋਰੀਆ ਅਜੇ ਵੀ ਤਕਨੀਕੀ ਯੁੱਧ ’ਚ ਹਨ।
ਕਿੰਗ ਨੂੰ ਜੰਗੀ ਕੈਦੀ ਦਾ ਦਰਜਾ ਦੇਣ ਨਾਲ ਜੇਨੇਵਾ ਕਨਵੈਨਸ਼ਨ ਤਹਿਤ ਵਧੇਰੇ ਸਰੁੱਖਿਆ ਮਿਲ ਸਕਦੀ ਹੈ, ਜਿਹੜੀ ਕਿ ਇਸ ਕਨਵੈਨਸ਼ਨ ’ਤੇ ਹਸਤਾਖ਼ਰ ਕਰਨ ਵਾਲਿਆਂ ਨੂੰ ਸਖ਼ਤ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਦੀ ਹੈ ਕਿ ਕੈਦੀ ਨਾਲ ਕਿਹੋ ਜਿਹਾ ਵਤੀਰਾ ਕਰਨਾ ਹੈ। ਅਮਰੀਕਾ ਅਤੇ ਉੱਤਰੀ ਕੋਰੀਆ ਦੋਹਾਂ ਨੇ ਇਸ ’ਤੇ ਹਸਤਾਖ਼ਰ ਕੀਤੇ ਹੋਏ ਹਨ। ਅਧਿਕਾਰੀ ਵਾਰ-ਵਾਰ ਇਸ ਗੱਲ ’ਤੇ ਜ਼ੋਰ ਦੇ ਰਹੇ ਹਨ ਕਿ ਕਿੰਗ ਦੇ ਆਪਣੀ ਮਰਜ਼ੀ ਨਾਲ ਉੱਤਰੀ ਕੋਰੀਆ ’ਚ ਪ੍ਰਵੇਸ਼ ਕਰਨ ਮਗਰੋਂ ਉੱਤਰੀ ਕੋਰੀਆਈ ਲੋਕਾਂ ਨੇ ਉਸ ਨੂੰ ਫੜ ਲਿਆ, ਜਦਕਿ ਉਹ ਇੱਕ ਨਾਗਰਿਕ ਦੇ ਰੂਪ ’ਚ ਕੱਪੜੇ ਪਾ ਕੇ ਇੱਕ ਗ਼ੈਰ-ਸੈਨਿਕ ਖੇਤਰ ’ਚ ਇੱਕ ਨਿੱਜੀ ਦੌਰੇ ’ਤੇ ਸੀ ਨਾ ਕਿ ਅਮਰੀਕਾ ਅਤੇ ਉੱਤਰੀ ਕੋਰੀਆ ਵਿਚਾਲੇ ਕਿਸੇ ਸਰਗਰਮ ਲੜਾਈ ਦੇ ਹਿੱਸੇ ਵਜੋਂ। ਇੱਕ ਰੱਖਿਆ ਅਧਿਕਾਰੀ ਨੇ ਦੱਸਿਆ ਕਿ ਕਿੰਗ ਦੀ ਸਥਿਤੀ ਦੇ ਸੰਬੰਧ ’ਚ ਆਖ਼ਰੀ ਫ਼ੈਸਲ ਨਹੀਂ ਕੀਤਾ ਗਿਆ ਹੈ ਪਰ ਇਸ ਗੱਲ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਉਸ ਨਾਲ ਕੌਮਾਂਤਰੀ ਕਾਨੂੰਨ ਮੁਤਾਬਕ ਮਨੁੱਖੀ ਵਤੀਰਾ ਕੀਤਾ ਜਾਣਾ ਚਾਹੀਦਾ ਹੈ।
ਇੱਥੇ ਇਹ ਦੱਸਣਾ ਬਣਦਾ ਹੈ ਕਿ ਟ੍ਰੈਵਿਸ ਕਿੰਗ ਨਾਮੀ ਇਹ ਸਿਪਾਹੀ ਦੱਖਣੀ ਕੋਰੀਆ ਦੇ ਸਿਓਲ ’ਚ ਇੱਕ ਵਿਅਕਤੀ ’ਤੇ ਹਮਲਾ ਕਰਨ ਦੇ ਮਾਮਲੇ ’ਚ ਜੇਲ ਦੀ ਸਜ਼ਾ ਭੁਗਤ ਰਿਹਾ ਸੀ। ਬੀਤੀ 10 ਜੁਲਾਈ ਨੂੰ ਰਿਹਾਅ ਹੋਣ ਮਗਰੋਂ ਟੈਕਸਾਸ ’ਚ ਫੋਰਟ ਬਲਿੱਸ ਸਥਿਤ ਆਪਣੇ ਘਰ ਪਰਤਣ ਦੀ ਬਜਾਏ ਉਹ ਕੁਝ ਸੈਲਾਨੀਆਂ ਦੇ ਨਾਲ ਦੱਖਣੀ ਅਤੇ ਉੱਤਰੀ ਕੋਰੀਆ ਨੂੰ ਵੰਡਣ ਵਾਲੇ ਇੱਕ ਗ਼ੈਰ-ਸੈਨਿਕ ਇਲਾਕੇ ’ਚ ਸਰਹੱਦ ਪਾਰ ਕਰਕੇ ਉੱਤਰੀ ਕੋਰੀਆ ਦੇ ਇੱਕ ਪਿੰਡ ’ਚ ਦਾਖ਼ਲ ਹੋ ਗਿਆ ਸੀ, ਜਿੱਥੇ ਕਿ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ।