Vancouver- ਘਰਾਂ ਦੀ ਕੀਮਤਾਂ ’ਚ ਲਗਾਤਾਰ ਵਾਧੇ ਅਤੇ ਮਹਿੰਗਾਈ ਦੇ ਝੰਬੇ ਵੈਨਕੂਵਰ ਵਾਸੀਆਂ ਦੀ ਜੇਬ ’ਤੇ ਹੁਣ ਗੈਸ ਦੀਆਂ ਕੀਮਤਾਂ ਨੇ ਹੋਰ ਬੋਝ ਪਾ ਦਿੱਤਾ ਹੈ। ਐਤਵਾਰ ਨੂੰ ਇੱਥੇ ਕੀਮਤਾਂ ’ਚ ਵਾਧਾ ਦੇਖਣ ਨੂੰ ਮਿਲਿਆ ਅਤੇ ਇਸ ਵਾਧੇ ਦੇ ਨਾਲ ਹੀ ਗੈਸ ਦੀਆਂ ਕੀਮਾਂਤ ਇਸ ਸਾਲ ਹੁਣ ਤੱਕ ਦੇ ਸਭ ਤੋਂ ਉੱਚੇ ਭਾਅ ’ਤੇ ਪਹੁੰਚ ਗਈਆਂ ਹਨ।
ਐਤਵਾਰ ਸਵੇਰੇ ਪੋਰਟ ਕੁਕਇਟਲਮ ਸਟੇਸ਼ਨ ’ਤੇ ਗੈਸ ਦੀ ਕੀਮਤ 2.13 ਡਾਲਰ ਦਰਜ ਕੀਤੀ ਗਈ। ਗੈਸ ਵਿਸ਼ਲੇਸ਼ਕ ਡੈਨ ਮੈਕਟੀਗ ਨੇ ਇਸ ਵਾਧੇ ਦਾ ਕਾਰਨ ਲੂਸੀਆਨਾ ’ਚ ਗੈਰੀਵਿਲ ਤੇਲ ਸੋਧਕ ਕਾਰਖ਼ਾਨੇ ’ਚ ਅੱਗ ਲੱਗਣ ਦੇ ਨਾਲ-ਨਾਲ ਤੇਲ ਦੀ ਘਟਦੀ ਸਪਲਾਈ ਅਤੇ ਕੈਨੇਡੀਅਨ ਡਾਲਰ ਦੇ ਡਿੱਗਣ ਨੂੰ ਦੱਸਿਆ।
ਉਨ੍ਹਾਂ ਦੱਸਿਆ ਕਿ ਗੈਸ ਦੀਆਂ ਕੀਮਤਾਂ ਦੇ ਪੂਰਾ ਹਫ਼ਤਾ ਵਧਣ ਦੀ ਉਮੀਦ ਹੈ। ਮੈਗਟੀਗ ਨੇ ਕਿਹਾ ਕਿ ਕੈਨੇਡੀਅਨ ਡਾਲਰ ਲਗਾਤਾਰ ਕਮਜ਼ੋਰ ਹੁੰਦਾ ਜਾ ਰਿਹਾ ਹੈ। ਇਹ ਸਾਰੇ ਕਾਰਕ ਇਸ ਹਫ਼ਤੇ ਗੈਸ ਦੀਆਂ ਕੀਮਤਾਂ ’ਚ ਹੋਰ ਸੱਤ ਜਾਂ ਅੱਠ ਸੈਂਟ ਦੇ ਵਾਧੇ ਵੱਲ ਇਸ਼ਾਰਾ ਕਰਦੇ ਹਨ।
ਉੱਧਰ ਇਸ ਵਾਧੇ ਕਾਰਨ ਮਹਿੰਗਾਈ ਦੇ ਸਤਾਏ ਡਰਾਈਵਰਾਂ ਨੇ ਖ਼ਾਸੀ ਨਿਰਾਸ਼ਾ ਪ੍ਰਗਟਾਈ ਹੈ। ਪੈਟਰੀਸ਼ੀਆ ਫਰਨਾਂਡੇਜ਼ ਨਾਮੀ ਇੱਕ ਚਾਲਕ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਇਹ ਸਭ ਕੀ ਹੋ ਰਿਹਾ ਹੈ। ਉਸ ਨੇ ਕਿਹਾ ਕਿ ਸਾਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਪੈਸੇ ਗ਼ੈਸ ’ਤੇ ਖ਼ਰਚੀਏ ਜਾਂ ਫਿਰ ਕਰਿਆਨੇ ਤੇ ਘਰਾਂ ਦੇ ਕਿਰਾਏ ’ਤੇ।
ਮੈਗਟੀਗ ਨੇ ਕਿਹਾ ਕਿ ਲੋਅਰ ਮੈਨਲੈਂਡ ਲਈ ਗੈਸ ਦੀਆਂ ਕੀਮਤਾਂ ਵੀ ਦੋ ਡਾਲਰ ਤੋਂ ਵੱਧ ਹੈ ਅਤੇ ਉਮੀਦ ਹੈ ਕਿ ਮਜ਼ਦੂਰ ਦਿਵਸ ਦੇ ਲੰਬੇ ਵੀਕਐਂਡ ਤੱਕ ਇਹ ਕੀਮਤਾਂ ਹੋਰ ਵਧਣੀਆਂ। ਗੈਸਬਡੀ ਮੈਪ ਮੁਤਾਬਕ ਮੈਟਰੋ ਵੈਨਕੂਵਰ ਦੇ ਆਲੇ-ਦੁਆਲੇ ਵਧੇਰੇ ਕੀਮਤਾਂ 2.06 ਡਾਲਰ ਦੇ ਆਲੇ-ਦੁਆਲੇ ਹੀ ਹਨ।