ਡੈਸਕ- ਵਿਜੀਲੈਂਸ ਨੇ ਰਾਜਪੁਰਾ ਦੇ ਆਈਟੀ ਪਾਰਕ ਘੁਟਾਲੇ ਦੇ ਮਾਮਲੇ ‘ਚ ਸਾਬਕਾ ਕਾਂਗਰਸੀ ਆਗੂ ਮਦਨ ਲਾਲ ਜਲਾਲਪੁਰ ਖ਼ਿਲਾਫ਼ ਲੁਕ ਆਉਟ ਸਰਕੂਲਰ ਜਾਰੀ ਕੀਤਾ ਹੈ। ਇਹ ਮਾਮਲਾ ਸਰਕਾਰੀ ਜ਼ਮੀਨ ਐਕੁਆਇਰ ਕਰਨ ਦੌਰਾਨ ਹੋਏ ਘਪਲੇ ਕਾਰਨ ਦਰਜ ਹੋਇਆ ਸੀ, ਜਿਸ ਵਿੱਚ 3 ਤੋਂ ਵੱਧ ਪਿੰਡਾਂ ਦੇ ਸਰਪੰਚਾਂ ਤੋਂ ਇਲਾਵਾ ਮਦਨ ਲਾਲ ਜਲਾਲਪੁਰ ਦਾ ਨਾਂ ਵੀ ਸ਼ਾਮਲ ਸੀ। ਫਿਲਹਾਲ ਵਿਜੀਲੈਂਸ ਅਧਿਕਾਰੀ ਨੇ ਐਲਓਸੀ ਜਾਰੀ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ।
ਵਿਜੀਲੈਂਸ ਵੱਲੋਂ ਅੰਮ੍ਰਿਤਸਰ-ਕੋਲਕਾਤਾ ਏਕੀਕ੍ਰਿਤ ਕਾਰੀਡੋਰ ਲਈ ਬਲਾਕ ਸ਼ੰਭੂ ਦੇ ਪੰਜ ਪਿੰਡਾਂ ਦੀ 1104 ਏਕੜ ਜ਼ਮੀਨ ਐਕਵਾਇਰ ਕਰਨ ਵਿੱਚ ਮੁਆਵਜ਼ੇ ਸਬੰਧੀ ਬੇਨਿਯਮੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਜਲਾਲਪੁਰ ਨੂੰ ਨਾਮਜ਼ਦ ਕੀਤਾ ਗਿਆ ਹੈ। ਪੰਜ ਪਿੰਡਾਂ ਆਕੜੀ, ਸੇਹਰਾ, ਸੇਹੜੀ, ਤਖ਼ਤੂਮਾਜਰਾ ਅਤੇ ਪਬਰਾੜ ਦੀ ਜ਼ਮੀਨ ਐਕੁਆਇਰ ਕੀਤੀ ਗਈ ਸੀ। ਇਸ ਜ਼ਮੀਨ ਦੇ ਮੁਆਵਜ਼ੇ ਵਜੋਂ ਲਗਪਗ 205 ਕਰੋੜ ਰੁਪਏ ਜਾਰੀ ਕੀਤੇ ਗਏ ਸੀ। ਵਿਜੀਲੈਂਸ ਬਿਊਰੋ ਪਟਿਆਲਾ ਨੇ 26 ਮਈ 2022 ਨੂੰ ਮੁਆਵਜ਼ਾ ਜਾਰੀ ਕਰਨ ਵਿੱਚ ਬੇਨਿਯਮੀਆਂ ਦਾ ਕੇਸ ਦਰਜ ਕੀਤਾ ਸੀ। ਇਸ ਕੇਸ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਕੁੱਲ 34 ਵਿਅਕਤੀ ਨਾਮਜ਼ਦ ਕੀਤੇ ਗਏ ਸਨ। ਇਨ੍ਹਾਂ ਵਿੱਚ ਕੁਝ ਪ੍ਰਾਈਵੇਟ ਫਰਮਾਂ ਵੀ ਸ਼ਾਮਲ ਹਨ, ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਾਰੀ ਮੁਆਵਜ਼ਾ ਰਾਸ਼ੀ ਖਰਚ ਕਰਨ ਵਿੱਚ ਬੇਨਿਯਮੀਆਂ ਦਾ ਮਾਮਲਾ ਸਾਹਮਣੇ ਆਇਆ।