ਆਜ਼ਾਦੀ ਦਿਹਾੜੇ ‘ਆਪ’ ਵਰਕਰ ਨੇ ਰਾਸ਼ਟਰੀ ਗੀਤ ਦਾ ਕੀਤਾ ਗਲਤ ਉਚਾਰਨ, ਦਿੱਤੀ ਸਫਾਈ

ਡੈਸਕ- ਆਜ਼ਾਦੀ ਦਿਹਾੜੇ ‘ਤੇ ਜਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਦੀਨਾਨਗਰ ‘ਚ ਆਮ ਆਦਮੀ ਪਾਰਟੀ ਵੱਲੋਂ ਆਯੋਜਿਤ ਪ੍ਰੋਗਰਾਮ ‘ਚ ਇੱਕ ਵਰਕਰ ਨੇ ਰਾਸ਼ਟਰੀ ਗੀਤ ਦਾ ਗਲਤ ਅਤੇ ਅਧੂਰਾ ਉਚਾਰਨ ਕੀਤਾ, ਜੋ ਕਿ ਹੁਣ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ। ਆਮ ਆਦਮੀ ਪਾਰਟੀ ਵੱਲੋਂ ਦੀਨਾਨਗਰ ਦੇ ਮਹਾਰਾਜ ਰਣਜੀਤ ਸਿੰਘ ਪਾਰਕ ‘ਚ ਆਜ਼ਾਦੀ ਦਿਹਾੜੇ ਦਾ ਪ੍ਰੋਗਰਾਮ ਮਨਾਇਆ ਜਾ ਰਿਹਾ ਸੀ। ਇਸ ਦੌਰਾਨ ਗੁਰਦਾਸਪੁਰ ਸ਼ਹਿਰੀ ਪ੍ਰਧਾਨ ਤੇ ਦੀਨਾਨਗਰ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦੁਆਰਾ ਝੰਡਾ ਲਹਿਰਾਇਆ ਗਿਆ।

ਪ੍ਰੋਗਰਾਮ ਅਨੁਸਾਰ ਸ਼ਮਸ਼ੇਰ ਸਿੰਘ ਨੇ ਝੰਡਾ ਲਹਿਰਾਇਆ ਤਾਂ ਇਸ ਦੌਰਾਨ ਪ੍ਰੋਗਰਾਮ ਦਾ ਸੰਚਾਲਨ ਕਰ ਰਿਹਾ ਵਰਕਰ ਰਾਸ਼ਟਰੀ ਗੀਤ ਗਾਉਣ ਲੱਗਾ। ਇਸ ਦੌਰਾਨ ਵਰਕਰ ਰਾਸ਼ਟਰ ਗੀਤ ਦਾ ਗਲਤ ਉਚਾਰਨ ਕਰਨ ਲੱਗਾ ਤੇ ਅੱਧਾ-ਅਧੂਰਾ ਰਾਸ਼ਟਰੀ ਗੀਤ ਸਮਾਪਤ ਕਰ ਦਿੱਤਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਵਰਕਰ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਉਹ ਘਟਨਾ ਬਾਰੇ ਗੱਲ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਉਸਦਾ ਕਹਿਣਾ ਹੈ ਕਿ ਉਸ ਨੇ ਰਾਸ਼ਟਰੀ ਗੀਤ ਜੋ ਗਾਇਆ ਉਹ ਸਹੀ ਸੀ, ਪਰ ਉਸਦੀ ਅਚਾਨਕ ਤਬੀਅਤ ਵਿਗੜ ਗਈ। ਉਸਨੇ ਕਿਹਾ ਕਿ ਰਾਸ਼ਟਰੀ ਗੀਤ ਗਾਉਂਦੇ ਸਮੇਂ ਉਸਦਾ ਬੀਪੀ ਹਾਈ ਹੋ ਗਿਆ ਸੀ, ਜਿਸ ਕਰਕੇ ਉਸਦੀ ਜ਼ੁਬਾਨ ਲੜਖੜਾ ਗਈ।