IND vs BAN ਟੈਸਟ ਸੀਰੀਜ਼ ਲਈ ਚੇਨਈ ਪਹੁੰਚ ਗਏ ਹਨ ਵਿਰਾਟ ਕੋਹਲੀ

ਚੇਨਈ: ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ 19 ਸਤੰਬਰ ਤੋਂ ਸ਼ੁਰੂ ਹੋ ਰਹੇ ਟੀਮ ਇੰਡੀਆ ਦੇ ਟੈਸਟ ਸੀਜ਼ਨ ਲਈ ਸ਼ੁੱਕਰਵਾਰ ਤੜਕੇ ਚੇਨਈ ਪਹੁੰਚ ਗਏ। ਟੀਮ ਇੰਡੀਆ ਇੱਥੇ ਐੱਮਏ ਚਿਦੰਬਰਮ ਸਟੇਡੀਅਮ ‘ਚ ਬੰਗਲਾਦੇਸ਼ ਦੇ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ ਦੀ ਸ਼ੁਰੂਆਤ ਕਰੇਗੀ। ਵਿਰਾਟ ਨੂੰ ਜਿਵੇਂ ਹੀ ਏਅਰਪੋਰਟ ਤੋਂ ਬਾਹਰ ਆਉਂਦੇ ਦੇਖਿਆ ਗਿਆ, ਉਹ ਸਖਤ ਸੁਰੱਖਿਆ ਹੇਠ ਬਾਹਰ ਆਉਂਦੇ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਦਾ ਏਅਰਪੋਰਟ ਤੋਂ ਬਾਹਰ ਆਉਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਵਿਰਾਟ ਟੀ-20 ਵਿਸ਼ਵ ਕੱਪ ਤੋਂ ਲਗਾਤਾਰ ਲੰਡਨ ‘ਚ ਰਹਿ ਰਹੇ ਹਨ ਅਤੇ ਇਸ ਵਾਰ ਉਹ ਟੈਸਟ ਸੀਰੀਜ਼ ਲਈ ਲੰਡਨ ਤੋਂ ਇੱਥੇ ਪਹੁੰਚੇ ਹਨ। ਇਸ ਤੋਂ ਪਹਿਲਾਂ ਉਹ ਭਾਰਤ ਦੇ ਸ਼੍ਰੀਲੰਕਾ ਦੌਰੇ ਦੌਰਾਨ ਵਨਡੇ ਸੀਰੀਜ਼ ਲਈ ਵੀ ਲੰਡਨ ਤੋਂ ਪਰਤਿਆ ਸੀ। ਸੀਰੀਜ਼ ਖਤਮ ਹੋਣ ਤੋਂ ਬਾਅਦ ਉਹ ਫਿਰ ਤੋਂ ਲੰਡਨ ਲਈ ਰਵਾਨਾ ਹੋ ਗਏ ਹਨ ਅਤੇ ਉੱਥੇ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ। ਟੀ29 ਵਿਸ਼ਵ ਕੱਪ ਦੇ ਫਾਈਨਲ ਵਿੱਚ ਇਸ ਸਟਾਰ ਬੱਲੇਬਾਜ਼ ਨੇ 76 ਦੌੜਾਂ ਦੀ ਅਹਿਮ ਪਾਰੀ ਖੇਡ ਕੇ ਭਾਰਤੀ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।

ਵਿਰਾਟ ਦੀ ਇਸ ਪਾਰੀ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਦੂਜੀ ਵਾਰ ਇਸ ਖਿਤਾਬ ‘ਤੇ ਕਬਜ਼ਾ ਕੀਤਾ। ਹਾਲਾਂਕਿ ਵਿਰਾਟ ਕੋਹਲੀ ਦੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਉਨ੍ਹਾਂ ਦੇ ਸੈਂਕੜੇ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਇਸ ਵਾਰ ਉਨ੍ਹਾਂ ਦੇ ਬੰਗਲਾਦੇਸ਼ ਖਿਲਾਫ ਸੈਂਕੜਾ ਲਗਾਉਣ ਦੀ ਉਮੀਦ ਹੈ। ਵਿਰਾਟ ਨੇ ਆਖਰੀ ਵਾਰ 15 ਨਵੰਬਰ 2023 ਨੂੰ ਵਨਡੇ ਵਿਸ਼ਵ ਕੱਪ ਦੌਰਾਨ ਸੈਂਕੜਾ ਲਗਾਇਆ ਸੀ, ਜੋ ਵਨਡੇ ਕ੍ਰਿਕਟ ਵਿੱਚ ਉਸਦਾ 50ਵਾਂ ਸੈਂਕੜਾ ਸੀ। ਉਹ ਵਨਡੇ ‘ਚ 50 ਸੈਂਕੜੇ ਲਗਾਉਣ ਵਾਲੇ ਦੁਨੀਆ ਦੇ ਇਕਲੌਤੇ ਬੱਲੇਬਾਜ਼ ਹਨ। ਉਸ ਨੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ (49 ਵਨਡੇ ਸੈਂਕੜੇ) ਦਾ ਰਿਕਾਰਡ ਤੋੜ ਦਿੱਤਾ।

ਪਰ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਅੰਤਰਰਾਸ਼ਟਰੀ ਕ੍ਰਿਕਟ ‘ਚ ਕੋਈ ਸੈਂਕੜਾ ਨਹੀਂ ਲਗਾ ਸਕਿਆ ਹੈ। ਆਪਣੇ ਆਖਰੀ ਟੈਸਟ ਸੈਂਕੜੇ ਬਾਰੇ ਗੱਲ ਕਰਦੇ ਹੋਏ, ਉਸਨੇ 20 ਜੁਲਾਈ 2023 ਨੂੰ ਪੋਰਟ ਆਫ ਸਪੇਨ ਵਿਖੇ ਵੈਸਟਇੰਡੀਜ਼ ਵਿਰੁੱਧ ਸੈਂਕੜਾ ਲਗਾਇਆ ਸੀ। ਪਾਕਿਸਤਾਨ ਦੇ ਸਾਬਕਾ ਕ੍ਰਿਕੇਟਰ ਬਾਸਿਤ ਅਲੀ ਨੇ ਵੀ ਉਮੀਦ ਜਤਾਈ ਹੈ ਕਿ ਵਿਰਾਟ ਬੰਗਲਾਦੇਸ਼ ਦੇ ਖਿਲਾਫ ਆਪਣੇ ਸੈਂਕੜੇ ਦੇ ਸੋਕੇ ਨੂੰ ਖਤਮ ਕਰ ਦੇਣਗੇ ਅਤੇ ਇੱਥੇ ਉਹ ਇਸ ਨੂੰ ਸੈਂਕੜਾ ਹੀ ਨਹੀਂ ਸਗੋਂ ਦੋਹਰੇ ਸੈਂਕੜੇ ਵਿੱਚ ਵੀ ਬਦਲ ਦੇਣਗੇ।