ਕੋਲੰਬੋ: ਜ਼ਿੰਬਾਬਵੇ ਦੇ ਖਿਲਾਫ ਟੀ-20 ਸੀਰੀਜ਼ ‘ਚ ਹਰਫਨਮੌਲਾ ਵਨਿੰਦੂ ਹਸਰੰਗਾ ਸ਼੍ਰੀਲੰਕਾ ਦੇ ਨਵੇਂ ਕਪਤਾਨ ਹੋਣਗੇ। ਵਨਿੰਦੂ ਹਸਰੰਗਾ ਸ਼੍ਰੀਲੰਕਾ ਦੇ 13ਵੇਂ ਟੀ-20 ਕਪਤਾਨ ਬਣ ਗਏ ਹਨ। ਸ਼੍ਰੀਲੰਕਾ ਦੀ ਟੀਮ 6 ਤੋਂ 18 ਜਨਵਰੀ ਤੱਕ ਤਿੰਨ ਮੈਚਾਂ ਦੀ ਟੀ-20 ਅਤੇ ਵਨਡੇ ਸੀਰੀਜ਼ ਖੇਡੇਗੀ। ਕੁਸਲ ਮੈਂਡਿਸ ਵਨਡੇ ਸੀਰੀਜ਼ ‘ਚ ਟੀਮ ਦੀ ਕਮਾਨ ਸੰਭਾਲਣਗੇ। ਚਰਿਤ ਅਸਾਲੰਕਾ ਨੂੰ ਵਨਡੇ ਅਤੇ ਟੀ-20 ਦੋਵਾਂ ਵਿੱਚ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ।
ਦਾਸੁਨ ਸ਼ਨਾਕਾ ਸੇਵਾਮੁਕਤ:
ਸ਼੍ਰੀਲੰਕਾ ਕ੍ਰਿਕਟ ਬੋਰਡ ਵਲੋਂ ਲਏ ਗਏ ਇਸ ਫੈਸਲੇ ਤੋਂ ਬਾਅਦ ਇਹ ਲਗਭਗ ਸਾਫ ਹੋ ਗਿਆ ਹੈ ਕਿ ਦਾਸੁਨ ਸ਼ਨਾਕਾ ਨੂੰ ਸਫੇਦ ਗੇਂਦ ਕ੍ਰਿਕਟ ‘ਚ ਸ਼੍ਰੀਲੰਕਾ ਦੀ ਅਗਵਾਈ ਦੇ ਫਰਜ਼ਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ।
ਹਸਰੰਗਾ ਦੀ ਲੰਬੇ ਸਮੇਂ ਬਾਅਦ ਟੀਮ ‘ਚ ਵਾਪਸੀ :
ਹਸਰੰਗਾ ਅਗਸਤ ਵਿੱਚ ਲੰਕਾ ਪ੍ਰੀਮੀਅਰ ਲੀਗ ਵਿੱਚ ਹੈਮਸਟ੍ਰਿੰਗ ਵਿੱਚ ਸੱਟ ਲੱਗਣ ਤੋਂ ਬਾਅਦ ਤੋਂ ਬਾਹਰ ਹੈ ਅਤੇ ਉਸ ਦਾ ਅਪਰੇਸ਼ਨ ਹੋਇਆ ਸੀ, ਜਿਸ ਤੋਂ ਬਾਅਦ ਉਹ ਏਸ਼ੀਆ ਕੱਪ ਅਤੇ ਪੁਰਸ਼ ਇੱਕ ਰੋਜ਼ਾ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਸੀ। ਲੈੱਗ ਸਪਿਨਰ ਹਸਰੰਗਾ ਹੁਣ ਜ਼ਿੰਬਾਬਵੇ ਦੇ ਖਿਲਾਫ ਸੀਰੀਜ਼ ਰਾਹੀਂ ਅੰਤਰਰਾਸ਼ਟਰੀ ਕ੍ਰਿਕਟ ‘ਚ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿੱਥੇ ਉਹ ਟੀ-20 ਸੀਰੀਜ਼ ‘ਚ ਸ਼੍ਰੀਲੰਕਾ ਦੀ ਕਪਤਾਨੀ ਕਰੇਗਾ। ਟੀ-20 ਵਿਸ਼ਵ ਕੱਪ 2024 ‘ਚ ਕਰਵਾਇਆ ਜਾਣਾ ਹੈ ਅਤੇ ਹਸਰੰਗਾ ਇਸ ਟੂਰਨਾਮੈਂਟ ‘ਚ ਟੀਮ ਦੀ ਅਗਵਾਈ ਕਰਦੇ ਨਜ਼ਰ ਆ ਸਕਦੇ ਹਨ। ਟੀ-20 ਵਿਸ਼ਵ ਕੱਪ 4 ਤੋਂ 30 ਜੂਨ ਤੱਕ ਵੈਸਟਇੰਡੀਜ਼ ਅਤੇ ਅਮਰੀਕਾ ‘ਚ ਹੋਵੇਗਾ।
ਸ਼੍ਰੀਲੰਕਾ ਕ੍ਰਿਕੇਟ ਨੇ ਕਿਹਾ ਕਿ ਜ਼ਿੰਬਾਬਵੇ ਦੇ ਖਿਲਾਫ ਵਨਡੇ ਅਤੇ ਟੀ-20 ਦੋਵਾਂ ਲਈ ਅੰਤਿਮ ਟੀਮ ਦੀ ਚੋਣ ਸਮੇਂ ‘ਤੇ ਸ਼ੁਰੂਆਤੀ ਸੂਚੀ ਤੋਂ ਕੀਤੀ ਜਾਵੇਗੀ। ਮੇਜ਼ਬਾਨ ਟੀਮ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ 6 ਤੋਂ 18 ਜਨਵਰੀ ਤੱਕ ਜ਼ਿੰਬਾਬਵੇ ਦੇ ਖਿਲਾਫ ਵਾਈਟ-ਬਾਲ ਦੇ ਸਾਰੇ ਮੈਚ ਖੇਡੇ ਜਾਣਗੇ।