ਜਨੇਵਾ : ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਦੇ ਓਮੀਕਰੋਨ ਵਾਇਰਸ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਡਬਲਯੂ.ਐਚ.ਓ. ਨੇ ਕਿਹਾ ਹੈ ਕਿ ਓਮੀਕਰੋਨ ਤੋਂ ਲਾਗ ਫੈਲਣ ਦਾ ਖ਼ਤਰਾ ਬਹੁਤ ਜ਼ਿਆਦਾ ਹੈ ਅਤੇ ਇਸ ਦੇ ਬਹੁਤ ਗੰਭੀਰ ਨਤੀਜੇ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਓਮੀਕਰੋਨ ਦੀ ਲਾਗ ਕਾਰਨ ਕਈ ਦੇਸ਼ਾਂ ਨੇ ਪਹਿਲਾਂ ਹੀ ਦੱਖਣੀ ਅਫਰੀਕਾ ਅਤੇ ਹੋਰ ਗੁਆਂਢੀ ਦੇਸ਼ਾਂ ਲਈ ਉਡਾਣਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਕਈ ਦੇਸ਼ਾਂ ਨੇ ਇਨ੍ਹਾਂ ਅਫਰੀਕੀ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਕੁਆਰੰਟੀਨ ਨੂੰ ਲਾਜ਼ਮੀ ਕਰ ਦਿੱਤਾ ਹੈ।
ਚੀਨ ਵੱਲੋਂ ਛੇਤੀ ਹੀ ਤਿੰਨ ਲੱਖ ਹੋਰ ਸੈਨਿਕਾਂ ਦੀ ਭਰਤੀ
ਬੀਜਿੰਗ : ਚੀਨ ਛੇਤੀ ਹੀ ਜੰਗ ਦੌਰਾਨ ਫ਼ਰੰਟ ਲਾਈਨਾਂ ‘ਤੇ ਤਾਇਨਾਤੀ ਲਈ ਤਿੰਨ ਲੱਖ ਹੋਰ ਸੈਨਿਕਾਂ ਦੀ ਭਰਤੀ ਕਰਨ ਜਾ ਰਿਹਾ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਫ਼ੌਜ ਵਿਚ ਹੋਰ ਭਰਤੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਕ ਰਿਪੋਰਟ ਮੁਤਾਬਿਕ ਤਿੰਨ ਲੱਖ ਹੋਰ ਸੈਨਿਕਾਂ ਦੀ ਲੋੜ ਪਵੇਗੀ ਜਿਸ ਦੇ ਚਲਦੇ ਨਵੀਂ ਭਰਤੀ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।
ਅਮਰੀਕੀ ਹਵਾਈ ਹਮਲਿਆਂ ਦੀ ਤਾਜ਼ਾ ਸਮੀਖਿਆ ਦਾ ਆਦੇਸ਼
ਵਾਸ਼ਿੰਗਟਨ : ਅਮਰੀਕੀ ਰੱਖਿਆ ਸਕੱਤਰ ਲੋਇਡ ਆਸਟਿਨ ਨੇ ਮਾਰਚ 2019 ਵਿਚ ਸੀਰੀਆ ਵਿਚ ਅਮਰੀਕੀ ਹਵਾਈ ਹਮਲਿਆਂ ਦੀ ਤਾਜ਼ਾ ਸਮੀਖਿਆ ਦਾ ਆਦੇਸ਼ ਦਿੱਤਾ ਹੈ। ਇਸ ਹਮਲੇ ਵਿਚ ਔਰਤਾਂ ਅਤੇ ਬੱਚਿਆਂ ਸਮੇਤ ਦਰਜਨਾਂ ਲੋਕ ਮਾਰੇ ਗਏ ਸਨ। ਇਸ ਜਾਂਚ ‘ਚ ਇਸ ਗੱਲ ਦੀ ਸਮੀਖਿਆ ਕੀਤੀ ਜਾਵੇਗੀ ਕਿ ਹਮਲੇ ‘ਚ ਕਿੰਨੇ ਨਾਗਰਿਕ ਮਾਰੇ ਗਏ ਹਨ ਅਤੇ ਕੀ ਇਸ ਨਾਲ ਜੰਗ ਦੇ ਕਾਨੂੰਨ ਦੀ ਉਲੰਘਣਾ ਹੋਈ ਹੈ।
ਜਰਮਨੀ ਦੀ ਚਾਂਸਲਰ ਰਾਜਪਾਲਾਂ ਨਾਲ ਕਰੇਗੀ ਚਰਚਾ
ਬਰਲਿਨ : ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕੇਲ ਕੋਵਿਡ-19 ਦੇ ਮਾਮਲਿਆਂ ‘ਚ ਵਾਧੇ ਨੂੰ ਲੈ ਕੇ 16 ਰਾਜਾਂ ਦੇ ਰਾਜਪਾਲਾਂ ਨਾਲ ਗੱਲਬਾਤ ਕਰੇਗੀ। ਮਰਕੇਲ ਦੇ ਦਫਤਰ ਨੇ ਪੁਸ਼ਟੀ ਕੀਤੀ ਕਿ ਬਾਹਰ ਜਾਣ ਵਾਲੇ ਚਾਂਸਲਰ 16 ਰਾਜਾਂ ਦੇ ਰਾਜਪਾਲਾਂ ਨਾਲ ਵੀਡੀਓ ਕਾਲ ਰਾਹੀਂ ਮਹਾਂਮਾਰੀ ਬਾਰੇ ਚਰਚਾ ਕਰਨਗੇ। ਪਰ ਦਫਤਰ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਕੀ ਇਸ ਦੌਰਾਨ ਕੁਝ ਫੈਸਲੇ ਵੀ ਲਏ ਜਾਣਗੇ।
ਚੀਨ ਤੇ ਰੂਸ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ‘ਚ ਮੁਹਾਰਤ ਹਾਸਲ ਕਰਨ ਦੀ ਕੋਸ਼ਿਸ਼ ਤੇਜ਼
ਬ੍ਰਿਟੇਨ : ਬ੍ਰਿਟੇਨ ਦੀ ਖੁਫੀਆ ਏਜੰਸੀ MI6 ਦੇ ਮੁਖੀ ਨੇ ਜਾਸੂਸੀ ਖੇਤਰ ‘ਚ ਤੇਜ਼ੀ ਨਾਲ ਹੋ ਰਹੇ ਬਦਲਾਅ ਵੱਲ ਇਸ਼ਾਰਾ ਕਰਦੇ ਹੋਏ ਦੁਨੀਆ ਨੂੰ ਚਿਤਾਵਨੀ ਦਿੱਤੀ ਹੈ। MI6 ਦੇ ਮੁਖੀ ਰਿਚਰਡ ਮੂਰ ਦੇ ਅਨੁਸਾਰ, ਚੀਨ ਅਤੇ ਰੂਸ ਆਰਟੀਫੀਸ਼ੀਅਲ ਇੰਟੈਲੀਜੈਂਸ ਵਿਚ ਮੁਹਾਰਤ ਹਾਸਲ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰ ਰਹੇ ਹਨ ਅਤੇ ਇਹ ਆਉਣ ਵਾਲੇ ਦਹਾਕੇ ਵਿਚ ਭੂ-ਰਾਜਨੀਤੀ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ।
ਟੀਵੀ ਪੰਜਾਬ ਬਿਊਰੋ