ਵਾਟਰ ਕੈਨਨ ਬੁਆਏ ਨਵਦੀਪ ਜਲਬੇੜਾ ਜ਼ਮਾਨਤ ‘ਤੇ ਰਿਹਾਅ, ਅੰਬਾਲਾ ‘ਚ ਕਿਸਾਨਾਂ ਨੇ ਧਰਨਾ ਕੀਤਾ ਰੱਦ

ਡੈਸਕ- ਕਿਸਾਨ ਨਵਦੀਪ ਸਿੰਘ ਦੀ ਰਿਹਾਈ ਤੋਂ ਬਾਅਦ ਅੰਬਾਲਾ ਵਿੱਚ ਕਿਸਾਨਾਂ ਦਾ ਧਰਨਾ ਰੱਦ ਕਰ ਦਿੱਤਾ ਗਿਆ ਹੈ। ਦਰਅਸਲ ਵਾਟਰ ਕੈਨਨ ਬੁਆਏ ਨਵਦੀਪ ਜਲਵੇੜਾ ਨੂੰ ਬੀਤੀ ਰਾਤ ਕਰੀਬ 10 ਵਜੇ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਕੱਲ ਕਿਸਾਨਾਂ ਵੱਲੋਂ ਨਵਦੀਪ ਜਲਵੇੜਾ ਦੇ ਹੱਕ ਵਿੱਚ ਅੰਬਾਲਾ ਵਿਖੇ ਵੱਡਾ ਇਕੱਠ ਰੱਖਿਆ ਗਿਆ ਸੀ। ਇਸ ਦੌਰਾਨ ਬੀਤੇ ਦਿਨੀ ਨਵਦੀਪ ਸਿੰਘ ਜਲਵੇੜਾ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲੀ ਸੀ।

ਨਵਦੀਪ ਸਿੰਘ ਜਲਬੇੜਾ ਨੂੰ ਇਸ ਸਾਲ ਮਾਰਚ ਵਿੱਚ ਹਰਿਆਣਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਉਹ ਕਰੀਬ ਪੰਜ ਮਹੀਨੇ ਜੇਲ੍ਹ ਵਿੱਚ ਰਿਹਾ। ਮੰਗਲਵਾਰ ਨੂੰ ਹਾਈ ਕੋਰਟ ਨੇ ਉਸ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ਸੀ, ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੂੰ ਵੀ ਉਸ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਗਏ ਸਨ। ਨਵਦੀਪ ਨੂੰ ਜੇਲ੍ਹ ਤੋਂ ਘਰ ਲਿਆਉਣ ਲਈ ਉਸ ਦੇ ਪਰਿਵਾਰਕ ਮੈਂਬਰ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਪੁੱਜੇ ਹੋਏ ਸਨ।

ਇਸ ਦੇ ਨਾਲ ਹੀ ਹੁਣ ਕਿਸਾਨ ਅੰਬਾਲਾ ‘ਚ SP ਦਫਤਰ ਦਾ ਘਿਰਾਓ ਨਹੀਂ ਕਰਨਗੇ। ਪ੍ਰਦਰਸ਼ਨ ਦੀ ਥਾਂ ਉਹ ਵਿਕਟਰੀ ਮਾਰਚ ਕਰਨਗੇ। ਇਹ ਵਿਕਤਾਰੀ ਮਾਰਚ ਅੰਬਾਲਾ ਤੋਂ ਸ਼ੰਭੂ ਬਾਰਡਰ ਤੱਕ ਕੱਢਿਆ ਜਾਵੇਗਾ। ਦਰਅਸਲ, ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਜਲਬੇੜਾ ਦੀ ਰਿਹਾਈ ਲਈ 17 ਜੁਲਾਈ ਦਿਨ ਬੁੱਧਵਾਰ ਨੂੰ ਅੰਬਾਲਾ ਦੇ ਐਸਪੀ ਦਫ਼ਤਰ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ ਸੀ ਪਰ ਇਸ ਤੋਂ ਇੱਕ ਦਿਨ ਪਹਿਲਾਂ ਨਵਦੀਪ ਜਲਬੇੜਾ ਨੂੰ ਜ਼ਮਾਨਤ ਮਿਲ ਗਈ।

ਦੱਸ ਦੇਈਏ ਕਿ ਜਦੋਂ ਪੰਜਾਬ ਤੋਂ ਕਿਸਾਨਾਂ ਦਾ ਜਥਾ ਸ਼ੰਭੂ ਬਾਰਡਰ ‘ਤੇ ਪਹੁੰਚਿਆ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਬੈਰੀਕੇਡ ਲਗਾ ਦਿੱਤੇ ਸਨ। ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਕਿਸਾਨਾਂ ‘ਤੇ ਜਲ ਤੋਪਾਂ ਦੀ ਵਰਤੋਂ ਕੀਤੀ। ਇਸ ਦੌਰਾਨ ਨਵਦੀਪ ਪੁਲੀਸ ਨੂੰ ਚਕਮਾ ਦੇ ਕੇ ਗੱਡੀ ’ਤੇ ਚੜ੍ਹ ਗਿਆ। ਉਸ ਨੇ ਜਲ ਤੋਪ ਪੁਲਿਸ ਵੱਲ ਮੋੜ ਦਿੱਤੀ। ਇਸ ਤੋਂ ਬਾਅਦ ਉਹ ਛਾਲ ਮਾਰ ਕੇ ਟਰਾਲੀ ‘ਤੇ ਆ ਗਿਆ। ਇਸ ਮਗਰੋਂ ਪੁਲੀਸ ਨੇ ਨਵਦੀਪ ਖ਼ਿਲਾਫ਼ ਧਾਰਾ 307 ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।