ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ, ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਛਾਏ ਬੱਦਲ

ਡੈਸਕ- ਪੰਜਾਬ ‘ਚ ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਕਿਉਂਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਬੱਦਲ ਛਾਏ ਹੋਏ ਹਨ ਅਤੇ ਕਈ ਜ਼ਿਲ੍ਹਿਆਂ ‘ਚ ਹਲਕੀ ਬਾਰਿਸ਼ ਵੀ ਹੋ ਰਹੀ ਹੈ। ਇਸ ਨਾਲ ਮੌਸਮ ਕੁੱਝ ਠੰਡਾ ਹੋ ਜਾਵੇਗਾ ਅਤੇ ਹੁੰਮਸ ਤੋਂ ਲੋਕਾਂ ਨੂੰ ਰਾਹਤ ਮਿਲੇਗੀ। ਵੀਰਵਾਰ ਨੂੰ ਲੁਧਿਆਣਾ ਜ਼ਿਲ੍ਹੇ ‘ਚ ਭਾਰੀ ਮੀਂਹ ਪਿਆ ਅਤੇ ਸੜਕਾਂ ‘ਤੇ ਪਾਣੀ ਭਰ ਗਿਆ। ਮੌਸਮ ਵਿਭਾਗ ਅਨੁਸਾਰ 17 ਸਤੰਬਰ ਤੱਕ ਪੰਜਾਬ ‘ਚ ਕਈ ਥਾਵਾਂ ‘ਤੇ ਬੱਦਲ ਛਾਏ ਰਹਿਣਗੇ ਅਤੇ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਸੰਭਾਵਨਾ ਹੈ।

ਜਾਂਦੇ-ਜਾਂਦੇ ਮਾਨਸੂਨ ਨੇ ਮੁੜ ਰਫਤਾਰ ਫੜ ਲਈ ਹੈ। ਮੌਸਮ ਵਿਭਾਗ ਨੇ ਅੱਜ ਅਗਲੇ ਕੁਝ ਦਿਨਾਂ ਤੱਕ ਪੰਜਾਬ, ਹਰਿਆਣਾ ਅਤੇ ਪੂਰਬੀ ਰਾਜਸਥਾਨ ਵਿੱਚ ਲਗਾਤਾਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸੇ ਤਰਜ਼ ‘ਤੇ ਅੱਜ ਪਹਾੜੀ ਰਾਜਾਂ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ‘ਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜੇਕਰ ਪੂਰਵ ਅਨੁਮਾਨਾਂ ‘ਤੇ ਭਰੋਸਾ ਕਰੀਏ ਤਾਂ ਪੱਛਮੀ ਗੜਬੜੀ 15 ਸਤੰਬਰ ਦੀ ਰਾਤ ਤੋਂ ਉੱਤਰ-ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ। ਦੂਜੇ ਪਾਸੇ ਛੱਤੀਸਗੜ੍ਹ ਅਤੇ ਪੂਰਬੀ ਮੱਧ ਪ੍ਰਦੇਸ਼ ਵਿੱਚ ਅੱਜ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਦਿੱਲੀ-ਐੱਨਸੀਆਰ ‘ਚ ਆਸਮਾਨ ‘ਚ ਬੱਦਲ ਛਾਏ ਹੋਏ ਹਨ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅੱਜ ਰਾਜਧਾਨੀ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਵੀਕੈਂਡ ਤੋਂ ਰਾਜਧਾਨੀ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋਵੇਗੀ। ਦੱਸਿਆ ਗਿਆ ਕਿ ਬੰਗਾਲ ਦੀ ਖਾੜੀ ‘ਚ ਪੱਛਮੀ ਕੇਂਦਰੀ ਖੇਤਰ ‘ਤੇ ਘੱਟ ਦਬਾਅ ਵਾਲਾ ਖੇਤਰ ਬਣਿਆ ਹੋਇਆ ਹੈ। ਇਹ ਉੱਤਰੀ ਉੜੀਸਾ ਤੱਕ ਫੈਲਿਆ ਹੋਇਆ ਹੈ।

ਅਗਲੇ 2 ਦਿਨਾਂ ‘ਚ ਇਸ ਦੇ ਉੜੀਸਾ ਅਤੇ ਛੱਤੀਸਗੜ੍ਹ ਤੋਂ ਅੱਗੇ ਵਧਣ ਦੀ ਉਮੀਦ ਹੈ। ਅਜਿਹੇ ‘ਚ ਇਨ੍ਹਾਂ ਇਲਾਕਿਆਂ ‘ਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇੱਕ ਚੱਕਰਵਾਤੀ ਸਰਕੂਲੇਸ਼ਨ ਦੱਖਣ-ਪੂਰਬੀ ਉੱਤਰ ਪ੍ਰਦੇਸ਼ ਅਤੇ ਹੇਠਲੇ ਪੱਧਰ ਦੇ ਉੱਤਰ-ਪੂਰਬੀ ਮੱਧ ਪ੍ਰਦੇਸ਼ ਦੇ ਆਲੇ-ਦੁਆਲੇ ਹੈ। ਇੰਜ ਹੀ ਇੱਕ ਟ੍ਰੌਫ ਦੱਖਣੀ ਉੱਤਰ ਪ੍ਰਦੇਸ਼ ਦੇ ਕੇਂਦਰੀ ਹਿੱਸਿਆਂ ਤੋਂ ਛੱਤੀਸਗੜ੍ਹ ਅਤੇ ਉੜੀਸਾ ਅਤੇ ਬੰਗਾਲ ਦੀ ਖਾੜੀ ਤੱਕ ਫੈਲਿਆ ਹੋਇਆ ਹੈ।

ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਕਿ ਪੱਛਮੀ ਮੱਧ ਪ੍ਰਦੇਸ਼, ਵਿਦਰਭ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕੇਰਲ, ਤੱਟਵਰਤੀ ਕਰਨਾਟਕ, ਲਕਸ਼ਦੀਪ ਅਤੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ-ਨਾਲ ਕੁਝ ਚੋਣਵੇਂ ਸਥਾਨਾਂ ‘ਤੇ ਭਾਰੀ ਮੀਂਹ ਪੈ ਸਕਦਾ ਹੈ। ਦੱਸਿਆ ਗਿਆ ਕਿ ਅੱਜ ਪੂਰਬੀ ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਉੱਤਰ-ਪੂਰਬੀ ਰਾਜਾਂ ਸਿੱਕਮ, ਅਸਾਮ, ਮੇਘਾਲਿਆ, ਨਾਗਾਲੈਂਡ ਵਿੱਚ ਅੱਜ ਮੀਂਹ ਪਵੇਗਾ। ਕੋਂਕਣ ਅਤੇ ਗੋਆ, ਤੇਲੰਗਾਨਾ, ਉੜੀਸਾ ਅਤੇ ਝਾਰਖੰਡ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਬਿਹਾਰ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਦੱਖਣੀ ਗੁਜਰਾਤ ਅਤੇ ਪੱਛਮੀ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਅੱਜ ਬਾਰਿਸ਼ ਹੋ ਸਕਦੀ ਹੈ।