ਡੈਸਕ- ਪੰਜਾਬ ਵਿਚ ਠੰਡ ਦਾ ਪ੍ਰਕੋਪ ਵਧਣ ਲੱਗਾ ਹੈ। ਪੰਜਾਬ ਦਾ ਤਾਪਮਾਨ 4.4 ਡਿਗਰੀ ਤੱਕ ਪਹੁੰਚ ਗਿਆ ਹੈ। ਮੌਸਮ ਵਿਭਾਗ ਵੱਲੋਂ ਅਗਲੇ ਕੁਝ ਦਿਨਾਂ ਤੱਕ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਭਾਵੇਂ ਦਿਨ ਵੇਲੇ ਸੂਰਜ ਨਿਕਣ ਨਾਲ ਤਾਪਮਾਨ ਵੱਧ ਜਾਂਦਾ ਹੈ ਪਰ ਰਾਤ ਦੇ ਸਮੇਂ ਠੰਡ ਦਾ ਕਹਿਰ ਜਾਰੀ ਹੈ।
ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਪੰਜਾਬ ‘ਚ ਸੰਘਣੀ ਧੁੰਦ ਦਾ ਦੌਰ ਜਾਰੀ ਰਹੇਗਾ। ਇਸ ਤਹਿਤ ਮਾਝਾ, ਦੋਆਬਾ ਅਤੇ ਮਾਲਵਾ ਖੇਤਰ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਸਵੇਰ ਵੇਲੇ ਧੁੰਦ ਦੀ ਚਾਦਰ ਛਾਈ ਰਹੇਗੀ। ਨਵੀਂ ਪੱਛਮੀ ਗੜਬੜ 16 ਦਸੰਬਰ ਤੋਂ ਪੱਛਮੀ ਹਿਮਾਲੀਅਨ ਖੇਤਰ ਨੂੰ ਪ੍ਰਭਾਵਿਤ ਕਰਨ ਜਾ ਰਹੀ ਹੈ। ਇਸ ਦਾ ਪੰਜਾਬ ਦੇ ਮੌਸਮ ‘ਤੇ ਕਿੰਨਾ ਅਸਰ ਪਵੇਗਾ, ਇਸ ਦਾ ਅੰਦਾਜ਼ਾ ਫਿਲਹਾਲ ਲਗਾਇਆ ਜਾ ਰਿਹਾ ਹੈ।
IMD ਮੁਤਾਬਕ ਪੰਜਾਬ ਦੇ ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਐਸਏਐਸ ਨਗਰ ਜ਼ਿਲ੍ਹੇ ਧੁੰਦ ਨਾਲ ਪ੍ਰਭਾਵਿਤ ਹੋਣਗੇ। ਲਗਾਤਾਰ ਪੈ ਰਹੀ ਸੰਘਣੀ ਧੁੰਦ ਕਾਰਨ ਆਉਣ ਵਾਲੇ ਦਿਨਾਂ ‘ਚ ਪਾਰਾ ਹੋਰ ਹੇਠਾਂ ਡਿਗਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ।
ਦੱਸ ਦੇਈਏ ਕਿ ਬੀਤੇ ਦਿਨੀਂ ਫਰੀਦਕੋਟ ਵਿੱਚ ਸਭ ਤੋਂ ਘੱਟ ਵਿਜ਼ੀਬਿਲਟੀ 50 ਤੋਂ 100 ਮੀਟਰ ਸੀ। ਅੰਮ੍ਰਿਤਸਰ ‘ਚ ਵਿਜ਼ੀਬਿਲਟੀ 500 ਤੋਂ 1000 ਮੀਟਰ, ਲੁਧਿਆਣਾ ‘ਚ 200 ਤੋਂ 500 ਮੀਟਰ, ਪਟਿਆਲਾ ‘ਚ 500 ਤੋਂ 1000 ਮੀਟਰ, ਬਠਿੰਡਾ ਵਿੱਚ ਦੋ ਤੋਂ ਚਾਰ ਕਿਲੋਮੀਟਰ ਤੱਕ ਸੀ।