Site icon TV Punjab | Punjabi News Channel

ਪੰਜਾਬ ‘ਚ ਠੰਢ ਨੇ ਕੰਬਾਏ ਲੋਕ, 14 ਜ਼ਿਲ੍ਹਿਆਂ ਵਿਚ ਧੁੰਦ ਦਾ ਅਲਰਟ ਜਾਰੀ

ਡੈਸਕ- ਜੰਮੂ-ਕਸ਼ਮੀਰ ‘ਚ ਬਰਫਬਾਰੀ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ‘ਚ ਮੌਸਮ ਠੰਢਾ ਹੋਣ ਲੱਗਾ ਹੈ। ਹਾਲਾਂਕਿ ਪਿਛਲੇ 24 ਘੰਟਿਆਂ ‘ਚ ਜ਼ਿਆਦਾ ਬਦਲਾਅ ਨਹੀਂ ਹੋਇਆ ਹੈ। ਪਰ ਆਉਣ ਵਾਲੇ 5 ਦਿਨਾਂ ‘ਚ ਤਾਪਮਾਨ 2 ਤੋਂ 5 ਡਿਗਰੀ ਤੱਕ ਡਿੱਗ ਜਾਵੇਗਾ। ਪੰਜਾਬ ‘ਚ ਅੱਜ ਵੀ ਧੁੰਦ ਨੂੰ ਲੈ ਕੇ ਅਲਰਟ ਜਾਰੀ ਹੈ। ਅੱਜ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਵਿਜ਼ੀਬਿਲਟੀ 50 ਮੀਟਰ ਤੋਂ ਵੀ ਘੱਟ ਰਹੀ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ‘ਚ ਧੁੰਦ ਦੀ ਅਲਰਟ ਨਹੀਂ ਹੈ, ਪਰ ਪ੍ਰਦੂਸ਼ਣ ਨੇ ਦਮ ਘੁੱਟ ਦਿੱਤਾ ਹੈ।

ਮੌਸਮ ਕੇਂਦਰ ਅਨੁਸਾਰ ਪੰਜਾਬ ਦੇ 14 ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ ਮਾਨਸਾ ਅਤੇ ਸੰਗਰੂਰ ਵਿੱਚ ਧੁੰਦ ਦਾ ਅਸਰ ਦੇਖਣ ਨੂੰ ਮਿਲੇਗਾ। ਇੱਥੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਹਾਲਾਂਕਿ ਮੰਗਲਵਾਰ ਤੋਂ ਸਥਿਤੀ ਆਮ ਵਾਂਗ ਹੋਣ ਦੀ ਉਮੀਦ ਹੈ। ਧੁੰਦ ਦਾ ਅਸਰ ਵੀ ਘਟੇਗਾ ਅਤੇ ਅਸਮਾਨ ਵੀ ਸਾਫ਼ ਰਹੇਗਾ। ਪਰ ਇਸ ਦੇ ਨਾਲ ਹੀ ਤਾਪਮਾਨ ਵੀ ਡਿੱਗਣਾ ਸ਼ੁਰੂ ਹੋ ਜਾਵੇਗਾ ਅਤੇ ਠੰਢ ਵਧਣੀ ਸ਼ੁਰੂ ਹੋ ਜਾਵੇਗੀ।

ਪੰਜਾਬ-ਹਰਿਆਣਾ ਦੀਆਂ ਹਵਾਵਾਂ ਰਾਜਧਾਨੀ ਚੰਡੀਗੜ੍ਹ ਦਾ ਦਮ ਘੁੱਟ ਰਹੀਆਂ ਹਨ। ਹਾਲਾਤ ਇਹ ਹਨ ਕਿ ਚੰਡੀਗੜ੍ਹ ਗੈਸ ਚੈਂਬਰ ਬਣ ਗਿਆ ਹੈ। ਚੰਡੀਗੜ੍ਹ ਵਿੱਚ ਪ੍ਰਦੂਸ਼ਣ ਰੈੱਡ ਜ਼ੋਨ ਵਿੱਚ ਹੈ ਅਤੇ ਉੱਥੇ ਵੱਧ ਤੋਂ ਵੱਧ AQI 382 ਦਰਜ ਕੀਤਾ ਗਿਆ ਹੈ। ਜਦੋਂਕਿ ਪੰਜਾਬ ਵਿੱਚ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਅੰਮ੍ਰਿਤਸਰ ਵਿੱਚ ਵੀ, ਜਿੱਥੇ ਸਥਿਤੀ ਬਹੁਤ ਖਰਾਬ ਸੀ, AQI 200 ਦੇ ਨੇੜੇ ਪਹੁੰਚ ਗਿਆ ਹੈ। ਜਦਕਿ ਲੁਧਿਆਣਾ ਅਤੇ ਅੰਮ੍ਰਿਤਸਰ ਨੂੰ ਛੱਡ ਕੇ ਬਾਕੀ ਸਾਰੇ ਸ਼ਹਿਰਾਂ ਵਿੱਚ AQI 200 ਤੋਂ ਹੇਠਾਂ ਦਰਜ ਕੀਤਾ ਜਾ ਰਿਹਾ ਹੈ।

Exit mobile version