ਠੰਡ ਨੇ ਕੰਬਾਇਆ ਪੰਜਾਬ, ਚੰਡੀਗੜ੍ਹ ਰਿਹਾ ਸੱਭ ਤੋਂ ਠੰਡਾ

ਚੰਡੀਗੜ੍ਹ- ਠੰਡ ਨੇ ਉੱਤਰ ਭਾਰਤ ਸਮੇਤ ਪੂਰੇ ਪੰਜਾਬ ਦੇ ਵੱਟ ਕੱਢੇ ਹੋਏ ਹਨ । ਸ਼ਹਿਰ ’ਚ ਸੀਤ ਲਹਿਰ ਦਾ ਦੌਰ ਜਾਰੀ ਹੈ। ਤਾਪਮਾਨ ਦੇ ਅੰਕੜੇ ਰੋਜ਼ਾਨਾ ਨਵਾਂ ਰਿਕਾਰਡ ਬਣਾ ਰਹੇ ਹਨ। ਬੁੱਧਵਾਰ ਨੂੰ ਚੰਡੀਗੜ੍ਹ ਦੂਜੇ ਕਈ ਸ਼ਹਿਰਾਂ ਦੇ ਮੁਕਾਬਲੇ ਠੰਢਾ ਰਿਹਾ। ਅੰਮ੍ਰਿਤਸਰ ਤੇ ਬਠਿੰਡਾ ਦਾ ਤਾਪਮਾਨ ਚੰਡੀਗੜ੍ਹ ਤੋਂ ਜ਼ਿਆਦਾ ਦਰਜ ਕੀਤਾ ਗਿਆ। ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 11.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਿਹੜਾ ਆਮ ਨਾਲੋਂ 8.8 ਡਿਗਰੀ ਘੱਟ ਸੀ। ਉੱਥੇ ਹੀ ਘੱਟੋ-ਘੱਟ ਤਾਪਮਾਨ 6.2 ਡਿਗਰੀ ਦਰਜ ਕੀਤਾ ਗਿਆ, ਜਿਹੜਾ ਆਮ ਨਾਲੋਂ ਇਕ ਡਿਗਰੀ ਜ਼ਿਆਦਾ ਸੀ। ਉੱਥੇ ਹੀ ਪੰਜਾਬ ਦੇ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 13.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬਠਿੰਡਾ ਦਾ ਤਾਪਮਾਨ 14.2 ਡਿਗਰੀ ਰਿਹਾ। ਮੋਹਾਲੀ ਦਾ ਵੱਧ ਤੋਂ ਵੱਧ ਤਾਪਮਾਨ 11.1 ਡਿਗਰੀ ਜੋ ਚੰਡੀਗੜ੍ਹ ਦੇ ਮੁਕਾਬਲੇ 0.8 ਡਿਗਰੀ ਸੈਲਸੀਅਸ ਘੱਟ ਸੀ। ਉੱਥੇ ਹੀ ਹਰਿਆਣਾ ਦੇ ਹਿਸਾਰ ਦਾ ਵੱਧ ਤੋਂ ਵੱਧ ਪਾਰਾ 14.0 ਡਿਗਰੀ ਤੇ ਮਹੇਂਦਰਗੜ੍ਹ ਦੇ ਨਾਰਨੌਲ ਦਾ ਤਾਪਮਾਨ ਸਭ ਤੋਂ ਵੱਧ 20.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮੌਸਮ ਵਿਭਾਗ ਮੁਤਾਬਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਅਜੇ ਧੁੰਦ ਤੋਂ ਰਾਹਤ ਨਹੀਂ ਮਿਲਣ ਵਾਲੀ। ਅਗਲੇ ਤਿੰਨ ਦਿਨ ਸਵੇਰੇ ਸ਼ਾਮ ਧੁੰਦ ਪੈ ਸਕਦੀ ਹੈ। ਪੰਜਾਬ ਤੇ ਹਰਿਆਣਾ ਦੇ ਵਧੇਰੇ ਜ਼ਿਲ੍ਹਿਆਂ ’ਚ ਅਗਲੇ ਦੋ ਦਿਨ ਸੰਘਣੀ ਧੁੰਦ ਦਾ ਰੈੱਡ ਅਲਰਟ ਹੈ। ਧੁੰਦ ਨਾਲ ਸੀਤ ਲਹਿਰ ਦੀ ਵੀ ਚਿਤਾਵਨੀ ਹੈ। ਨਵੇਂ ਸਾਲ ਦੇ ਪਹਿਲੇ ਦਿਨ ਤੋਂ ਹੀ ਮੌਸਮ ਵੱਖਰਾ ਤੇਵਰ ਦਿਖਾ ਰਿਹਾ ਹੈ। ਸਵੇਰੇ ਸ਼ਾਮ ਸੰਘਣੀ ਧੁੰਦ ਕਾਰਨ ਵਿਜ਼ੀਬਿਲਿਟੀ ਬਹੁਤ ਘੱਟ ਹੁੰਦੀ ਹੈ। ਉੱਥੇ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਟ੍ਰਾਈਸਿਟੀ ’ਚ ਅਜੇ ਬਾਰਿਸ਼ ਦੇ ਆਸਾਰ ਨਹੀਂ ਹਨ। ਅਗਲੇ ਪੰਜ ਦਿਨ ਮੌਸਮ ਖ਼ੁਸ਼ਕ ਬਣਿਆ ਰਹੇਗਾ।