Site icon TV Punjab | Punjabi News Channel

ਹਰਿਆਣਾ, ਪੰਜਾਬ-ਚੰਡੀਗੜ੍ਹ ‘ਚ ਮੀਂਹ ਦਾ ਓਰੇਂਜ ਅਲਰਟ, ਹਿਮਾਚਲ ‘ਚ ਬਰਫ਼ਬਾਰੀ ਦੀ ਸੰਭਾਵਨਾ

ਡੈਸਕ- ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮੀਂਹ, ਬਰਫ਼ਬਾਰੀ, ਤੇਜ਼ ਹਵਾਵਾਂ ਅਤੇ ਗੜੇਮਾਰੀ ਨੂੰ ਲੈ ਕੇ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਕਈ ਥਾਵਾਂ ‘ਤੇ ਬਾਰਸ਼ ਹੋ ਵੀ ਰਹੀ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਮਾਰਚ ਦਾ ਮਹੀਨਾ ਉੱਤਰੀ ਭਾਰਤ ਵਿਚ ਠੰਡਾ ਰਹੇਗਾ। ਇਸ ਦੇ ਨਾਲ ਹੀ ਬਾਰਿਸ਼ ਆਮ ਨਾਲੋਂ ਘੱਟ ਹੋ ਸਕਦੀ ਹੈ।

ਚੰਡੀਗੜ੍ਹ ਸਮੇਤ ਹਰਿਆਣਾ ਦੇ 13 ਜ਼ਿਲ੍ਹਿਆਂ ਵਿਚ ਆਰੇਂਜ ਅਲਰਟ ਜਾਰੀ ਹੈ। ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕੈਥਲ, ਕਰਨਾਲ, ਜੀਂਦ, ਪਾਣੀਪਤ, ਸੋਨੀਪਤ, ਰੋਹਤਕ, ਹਿਸਾਰ, ਫਤਿਹਾਬਾਦ, ਸਿਰਸਾ ਅਤੇ ਝੱਜਰ ਵਿਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਜਦਕਿ ਬਾਕੀ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਮੀਂਹ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ, ਮੋਗਾ, ਬਰਨਾਲਾ, ਸੰਗਰੂਰ, ਲੁਧਿਆਣਾ, ਨਵਾਂਸ਼ਹਿਰ, ਰੂਪਨਗਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਮੀਂਹ ਦੇ ਨਾਲ-ਨਾਲ ਗੜੇਮਾਰੀ ਦੀ ਸੰਭਾਵਨਾ ਹੈ। ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਰਹੇਗਾ।

ਹਿਮਾਚਲ ਪ੍ਰਦੇਸ਼ ਵਿਚ ਕੱਲ੍ਹ (1 ਮਾਰਚ) ਅਟਲ ਸੁਰੰਗ ਸਮੇਤ ਰੋਹਤਾਂਗ ਕੇਲੋਂਗ, ਜਿਸਪਾ, ਦਾਰਚਾ, ਕੋਕਸਰ ਅਤੇ ਲਾਹੌਲ ਘਾਟੀ ਵਿਚ ਦੋ ਇੰਚ ਤਾਜ਼ਾ ਬਰਫ਼ਬਾਰੀ ਹੋਈ। ਅੱਜ ਵੀ ਹਿਮਾਚਲ ਦੇ ਕਈ ਇਲਾਕਿਆਂ ਵਿਚ ਬਰਫ਼ਬਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਮਾਰਚ ਤੋਂ ਮਈ ਦੇ ਮਹੀਨਿਆਂ ਵਿਚ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ ਅਤੇ ਪੂਰੇ ਭਾਰਤ ਵਿੱਚ 117 ਫ਼ੀਸਦੀ ਜ਼ਿਆਦਾ ਬਾਰਿਸ਼ ਹੋਵੇਗੀ, ਪਰ ਉੱਤਰੀ ਭਾਰਤ ਲਈ ਇਹ ਅਨੁਮਾਨ ਫਿਰ ਦੂਜੇ ਸੂਬਿਆਂ ਨਾਲੋਂ ਵੱਖਰਾ ਹੈ। ਮੌਸਮ ਵਿਭਾਗ ਮੁਤਾਬਕ ਮਾਰਚ ਮਹੀਨੇ ਉੱਤਰੀ ਭਾਰਤ ਵਿੱਚ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ। ਦੂਜੇ ਪਾਸੇ ਬਾਰਿਸ਼ ਆਮ ਨਾਲੋਂ ਘੱਟ ਹੋਵੇਗੀ।

Exit mobile version