ਭਾਜਪਾ ਆਗੂ ਅਨਿਲ ਵਿਜ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ‘ਤੇ ਕਸੇ ਤਨਜ਼

ਚੰਡੀਗੜ੍ਹ : ਅਗਲੇ ਸਾਲ ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰਾਜਨੀਤਿਕ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪੰਜਾਬ ਵਿਚ ਇਸ ਦੀਆਂ ਸੰਭਾਵਨਾਵਾਂ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ਸਖਤ ਮਿਹਨਤ ਕਰ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਹਾਲ ਹੀ ਵਿਚ ਪੰਜਾਬ ਆਏ ਸਨ। ਇਸ ਮੌਕੇ ਉਨ੍ਹਾਂ ਨੇ ਕਈ ਚੋਣ ਵਾਅਦੇ ਕੀਤੇ। ਦੂਜੇ ਪਾਸੇ, ਕਾਂਗਰਸ ਸੱਤਾ ਵਿਚ ਆਉਣ ਲਈ ਲਗਾਤਾਰ ਮੀਟਿੰਗਾਂ ਕਰ ਰਹੀ ਹੈ। ਭਾਵੇਂ ਕਾਂਗਰਸ ਵਿਚ ਆਪਸੀ ਟਕਰਾਅ ਦੀ ਸਥਿਤੀ ਹੈ ਪਰ ਉਸ ਨੂੰ ਮੁੜ ਸੱਤਾ ਵਿੱਚ ਪਰਤਣ ਦੀ ਉਮੀਦ ਹੈ। ਇਸੇ ਦੌਰਾਨ ਹਰਿਆਣਾ ਦੇ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਅਨਿਲ ਵਿਜ ਨੇ ਇਸ ਬਾਰੇ ਵੱਡਾ ਬਿਆਨ ਦਿੱਤਾ ਹੈ।

ਅਨਿਲ ਵਿਜ ਨੇ ਕੇਜਰੀਵਾਲ ਦੇ ਵਾਅਦਿਆਂ ਬਾਰੇ ਤਨਜ਼ ਕਸਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੀਆਂ ਮੁਸ਼ਕਲਾਂ ਦਾ ਕੋਈ ਗਿਆਨ ਨਹੀਂ ਹੈ। ਜੇ ਉਹ ਸੋਚਦੇ ਹਨ ਕਿ ਦਿੱਲੀ ਮਾਡਲ ਪੰਜਾਬ ਵਿਚ ਸਥਾਪਤ ਹੋ ਜਾਵੇਗਾ, ਤਾਂ ਅਜਿਹਾ ਨਹੀਂ ਹੋ ਸਕਦਾ। ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਨ ਤੇ ਹਰੇਕ ਘਰ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦੇਣ, ਚੌਵੀ ਘੰਟੇ ਬਿਜਲੀ ਸਪਲਾਈ ਕਰਨ ਅਤੇ ਬਕਾਇਆ ਬਿਜਲੀ ਬਿੱਲਾਂ ਨੂੰ ਮੁਆਫ ਕਰਨ ਦਾ ਵਾਅਦਾ ਕੀਤਾ ਹੈ।

ਕਾਂਗਰਸ ‘ਤੇ ਹਮਲਾ ਕਰਦਿਆਂ ਅਨਿਲ ਵਿਜ ਨੇ ਕਿਹਾ ਕਿ ਕਾਂਗਰਸ ਖ਼ਤਮ ਹੋਣ ਦੀ ਕਗਾਰ’ ਤੇ ਹੈ। ਜਿਵੇਂ ਚੂਹੇ ਡੁੱਬ ਰਹੇ ਜਹਾਜ਼ ਤੋਂ ਛਾਲਾਂ ਮਾਰਦੇ ਹਨ, ਉਸੇ ਤਰ੍ਹਾਂ ਉਨ੍ਹਾਂ ਦੇ ਆਗੂ ਛਾਲਾਂ ਮਾਰ ਕੇ ਜਾ ਰਹੇ ਹਨ। ਇਹ ਕਿਸੇ ਪਾਰਟੀ ਦੇ ਖਤਮ ਹੋਣ ਦੇ ਮੁਢਲੇ ਆਸਾਰ ਹਨ। ਪੰਜਾਬ ਵਿਚ ਕਾਂਗਰਸ ਕਈ ਧੜਿਆਂ ਵਿੱਚ ਵੰਡੀ ਹੋਈ ਹੈ। ਪਾਰਟੀ ਹਾਈ ਕਮਾਨ ਲਗਾਤਾਰ ਸਾਰੇ ਧੜਿਆਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਿੱਧੂ ਦਿੱਲੀ ਦੌਰੇ ‘ਤੇ ਹਨ ਅਤੇ ਹਾਈਕਮਾਨ ਨੂੰ ਮਿਲ ਰਹੇ ਹਨ।

ਟੀਵੀ ਪੰਜਾਬ ਬਿਊਰੋ