ਜੰਗਲੀ ਅੱਗ ਦੌਰਾਨ ਮੈਟਾ ਵਲੋਂ ਕੈਨੇਡਾ ’ਚ ਨਿਊਜ਼ ਬਲਾਕ ਕਰਨ ਦੀ ਟਰੂਡੋ ਨੇ ਕੀਤੀ ਨਿਖੇਧੀ

Ottawa- ਕੈਨੇਡਾ ਵਿਚ ਲੱਗੀ ਭਿਆਨਕ ਜੰਗਲੀ ਅੱਗ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੈਟਾ ਵੱਲੋਂ ਕੈਨੇਡਾ ਵਿਚ ਆਪਣੇ ਪਲੇਟਫ਼ਾਰਮਾਂ ਉੱਤੇ ਖ਼ਬਰਾਂ ਨੂੰ ਬਲੌਕ ਕਰਨ ਦੇ ਫ਼ੈਸਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਪਿ੍ਰੰਸ ਐਡਵਰਡ ਆਈਲੈਂਡ ਵਿਖੇ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘‘ਇਸ ਸਮੇਂ ਇੱਕ ਐਮਰਜੈਂਸੀ ਸਥਿਤੀ ’ਚ, ਜਿੱਥੇ ਅੱਪ-ਟੂ-ਡੇਟ ਸਥਾਨਕ ਜਾਣਕਾਰੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ, ਫ਼ੇਸਬੁੱਕ ਕਾਰਪੋਰੇਟ ਮੁਨਾਫ਼ਿਆਂ ਨੂੰ ਲੋਕਾਂ ਦੀ ਸੁਰੱਖਿਆ ਅਤੇ ਗੁਣਵੱਤਾ ਵਾਲੀ ਸਥਾਨਕ ਪੱਤਰਕਾਰੀ ਤੋਂ ਅੱਗੇ ਰੱਖ ਰਿਹਾ ਹੈ। ਇਹ ਸਮਾਂ ਇਸ ਚੀਜ਼ ਦਾ ਨਹੀਂ ਹੈ।’’
ਦੱਸ ਦਈਏ ਕਿ ਫ਼ੈਡਰਲ ਸਰਕਾਰ ਵਲੋਂ ਜੂਨ ’ਚ ਆਨਲਾਈਨ ਨਿਊਜ਼ ਐਕਟ, ਬਿੱਲ ਸੀ-18 ਪਾਸ ਕਰਨ ਤੋਂ ਬਾਅਦ ਮੈਟਾ ਨੇ ਕੈਨੇਡਾ ’ਚ ਆਪਣੇ ਪਲੇਟਫਾਰਮਾਂ ’ਤੇ ਖ਼ਬਰਾਂ ਦੀ ਉਪਲਬਧਤਾ ਨੂੰ ਬੰਦ ਕਰ ਦਿੱਤਾ ਹੈ। ਉੱਧਰ ਗੂਗਲ ਨੇ ਵੀ ਅਜਿਹੀ ਹੀ ਕਾਰਵਾਈ ਦੀ ਧਮਕੀ ਦਿੱਤੀ ਹੈ।
ਹਾਲਾਂਕਿ ਨਵੇਂ ਕਾਨੂੰਨ ਦਾ ਉਦੇਸ਼ ਗੂਗਲ ਅਤੇ ਫ਼ੇਸਬੁੱਕ ਵਰਗੇ ਡਿਜੀਟਲ ਦਿੱਗਜਾਂ ਦੇ ਪਲੇਟਫਾਰਮਾਂ ’ਤੇ ਨਿਊਜ਼ ਸਮੱਗਰੀ ਨੂੰ ਪ੍ਰਕਾਸ਼ਿਤ ਕਰਨ ਜਾਂ ਲਿੰਕ ਕਰਨ ‘ਤੇ ਇਨਾਂ ਕੰਪਨੀਆਂ ਵਲੋਂ ਕੈਨੇਡੀਅਨ ਨਿਊਜ਼ ਆਊਟਲੇਟਸ ਨੂੰ ਵਾਜਬ ਮੁਆਵਜ਼ਾ ਯਕੀਨੀ ਬਣਾਉਣਾ ਸੀ।
ਹੁਣ ਇਸ ਸਭ ਦੇ ਨਤੀਜੇ ਵਜੋਂ ਕੈਨੇਡਾ ’ਚ ਲੋਕ ਫ਼ੇਸਬੁੱਕ ਅਤੇ ਇੰਸਟਾਗ੍ਰਾਮ ਉੱਪਰ ਖ਼ਬਰਾਂ ਦੀ ਜਾਣਕਾਰੀ ਨਾ ਤਾਂ ਸਾਂਝੀ ਕਰ ਪਾ ਰੇ ਹਨ ਅਤੇ ਨਾ ਹੀ ਪ੍ਰਾਪਤ ਕਰ ਪਾ ਰਹੇ ਹਨ। ਜੰਗਲੀ ਅੱਗ ਤੋਂ ਬਾਅਦ ਮੈਟਾ ਉੱਪਰ ਨਿਊਜ਼ ਬੈਨ ਹਟਾਉਣ ਦਾ ਦਬਾਅ ਵਧ ਰਿਹਾ ਹੈ।
ਪਿਛਲੇ ਹਫ਼ਤੇ ਇੱਕ ਬਿਆਨ ’ਚ ਕੰਪਨੀ ਨੇ ਕਿਹਾ ਸੀ ਕਿ ਉਹ ਆਪਣੇ ਰੁਖ ‘ਤੇ ਕਾਇਮ ਹੈ। ਮੈਟਾ ਨੇ ਇਹ ਵੀ ਕਿਹਾ ਕਿ ਸਰਕਾਰੀ ਸਾਈਟਾਂ ਅਤੇ ਹੋਰ ਸਰੋਤ, ਜਿਹੜੇ ਜਾਣਕਾਰੀ ਦਾ ਪ੍ਰਸਾਰ ਕਰਦੇ ਹਨ, ਪਾਬੰਦੀ ਦੇ ਅਧੀਨ ਨਹੀਂ ਹਨ। ਕੰਪਨੀ ਦੇ ਬੁਲਾਰੇ ਡੇਵਿਡ ਟਰੋਆ-ਅਲਵਾਰੇਜ਼ ਨੇ ਕਿਹਾ, ਕੈਨੇਡਾ ’ਚ ਲੋਕ ਆਪਣੇ ਭਾਈਚਾਰਿਆਂ ਨਾਲ ਜੁੜਨ ਲਈ, ਅਧਿਕਾਰਤ ਸਰਕਾਰੀ ਏਜੰਸੀਆਂ, ਐਮਰਜੈਂਸੀ ਸੇਵਾਵਾਂ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਦੀ ਸਮੱਗਰੀ ਸਣੇ ਭਰੋਸੇਯੋਗ ਜਾਣਕਾਰੀ ਤੱਕ ਪਹੁੰਚ ਕਰਨ ਲਈ ਫ਼ੇਸਬੁੱਕ ਅਤੇ ਇੰਸਟਾਗ੍ਰਾਮ ਦੀ ਵਰਤੋਂ ਕਰਨ ਦੇ ਯੋਗ ਹਨ।
ਕੰਪਨੀ ਦਾ ਕਹਿਣਾ ਹੈ ਕਿ ਉਸਨੇ ਸੇਫ਼ਟੀ ਚੈਕ ਨਾਮਕ ਇੱਕ ਫੰਕਸ਼ਨ ਨੂੰ ਐਕਟੀਵੇਟ ਕੀਤਾ ਹੈ ਜੋ ਯੂਜ਼ਰਾਂ ਨੂੰ ਆਪਣੀ ਸਥਿਤੀ ਨੂੰ ਅਪਡੇਟ ਕਰਨ ਲਈ ਇੱਕ ਬਟਨ ਦਬਾਉਣ ਦੀ ਆਗਿਆ ਦਿੰਦਾ ਹੈ ਜਿਸ ਨਾਲ ਉਹ ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਜੰਗਲ ਦੀ ਅੱਗ ਤੋਂ ਸੁਰੱਖਿਅਤ ਹੋਣ ਬਾਰੇ ਦੱਸ ਸਕਦੇ ਹਨ।