ਕੈਲੀਫੋਰਨੀਆ ’ਚ ਭਾਰੀ ਮੀਂਹ ਅਤੇ ਹੜ੍ਹ ਲਿਆ ਸਕਦਾ ਹੈ ਹਰੀਕੇਨ ਹਿਲੇਰੀ

ਕੈਲੀਫੋਰਨੀਆ- ਤੂਫ਼ਾਨ ਹਿਲੇਰੀ ਪ੍ਰਸ਼ਾਂਤ ਮਹਾਂਸਾਗਰ ’ਚ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਹਫ਼ਤੇ ਦੇ ਅੰਤ ਤੱਕ ਇਹ ਦੱਖਣੀ ਕੈਲੀਫੋਰਨੀਆ ਅਤੇ ਨੇਵਾਡਾ ’ਚ ਭਾਰੀ ਮੀਂਹ ਅਤੇ ਹੜ੍ਹ ਲਿਆ ਸਕਦਾ ਹੈ। ਨੈਸ਼ਨਲ ਹਰੀਕੇਨ ਸੈਂਟਰ ਮੁਤਾਬਕ ਤੂਫ਼ਾਨ ਸੰਭਾਵੀ ਤੌਰ ’ਤੇ ਦੱਖਣੀ-ਪੱਛਮੀ ਅਮਰੀਕਾ ਦੇ ਕੁਝ ਹਿੱਸਿਆਂ ’ਚ ਮਹੱਤਵਪੂਰਨ ਪ੍ਰਭਾਵ ਪਾ ਸਕਦਾ ਹੈ, ਜਿਸ ਕਾਰਨ ਬਾਜਾ ਕੈਲੀਫੋਰਨੀਆ ਪ੍ਰਾਇਦੀਪ ਅਤੇ ਦੱਖਣੀ ਕੈਲੀਫੋਰਨੀਆ ’ਚ 10 ਇੰਚ ਤੱਕ ਮੀਂਹ ਪੈ ਸਕਦਾ ਹੈ। ਹਰੀਕੇਨ ਸੈਂਟਰ ਮੁਤਾਕ, ਹਿਲੇਰੀ ਕਾਰਨ ਵੀਰਵਾਰ ਦੁਪਹਿਰ ਨੂੰ ਵੱਧ ਤੋਂ ਵੱਧ 105 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵਗੀਆਂ ਅਤੇ ਵੀਰਵਾਰ ਰਾਤ ਤੱਕ ਹਿਲੇਰੀ ਦੇ ਇੱਕ ਵੱਡਾ ਤੂਫ਼ਾਨ ਬਣਨ ਦੀ ਸੰਭਾਵਨਾ ਹੈ।
ਫੈਡਰਲ ਮੌਸਮ ਅਧਿਕਾਰੀਆਂ ਮੁਤਾਬਕ ਹਿਲੇਰੀ 1939 ਮਗਰੋਂ ਕੈਲੀਫੋਰਨੀਆ ’ਚ ਲੈਂਡਫਾਲ ਕਰਨ ਵਾਲਾ ਪਹਿਲਾ ਗਰਮ ਤੂਫ਼ਾਨ ਹੋ ਸਕਦਾ ਹੈ। ਜ਼ਮੀਨੀ ਲੈਂਡਫਾਲ ਨਾ ਹੋਣ ਦੇ ਬਾਵਜੂਦ ਵੀ ਗਰਮ ਖੰਡੀ ਤੂਫ਼ਾਨ ‘ਕੇ’ ਨੇ ਪਿਛਲੇ ਸਾਲ ਦੱਖਣੀ ਕੈਲੀਫੋਰਨੀਆ ’ਚ ਭਾਰੀ ਮੀਂਹ ਅਤੇ ਹੜ੍ਹ ਲਿਆਂਦਾ ਸੀ। ਵੀਰਵਾਰ ਸਵੇਰੇ ਰਾਸ਼ਟਰੀ ਮੌਸਮ ਸੇਵਾ ਦੇ ਮੌਸਮ ਵਿਗਿਆਨੀ ਸਮੰਥਾ ਕੋਨੋਲੀ ਨੇ ਸੈਨ ਡਿਏਗੋ ’ਚ ਦੱਸਿਆ ਕਿ ਭਾਰੀ ਮੀਂਹ, ਹੜ੍ਹਾਂ ਦੀ ਸੰਭਾਵਨਾ ਅਤੇ ਤੇਜ਼ ਹਵਾਵਾਂ ਦਾ ਸੁਮੇਲ ਇਸ ਨੂੰ ਦੱਖਣੀ ਕੈਲੀਫੋਰਨੀਆ ਲਈ ਇੱਕ ਉੱਚ ਪ੍ਰਭਾਵਸ਼ਾਲੀ ਘਟਨਾ ਬਣਾ ਸਕਦੇ ਹਨ।