ਡੈਸਕ- ਪੰਜਾਬ ਦੇ ਕਈ ਖੇਤਰ ਅੱਜ ਸਵੇਰੇ ਸੰਘਣੀ ਧੁੰਦ ਦੀ ਚਾਦਰ ਵਿੱਚ ਲਪੇਟੇ ਹੋਏ ਸਨ। ਮੌਸਮ ਵਿਭਾਗ ਨੇ ਪੰਜਾਬ ਦੇ 11 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤਹਿਤ ਇਨ੍ਹਾਂ ਜ਼ਿਲ੍ਹਿਆਂ ਵਿੱਚ ਕਈ ਥਾਵਾਂ ’ਤੇ ਸਵੇਰੇ ਸੰਘਣੀ ਧੁੰਦ ਛਾਈ ਰਹੇਗੀ। ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਵਾਹਨਾਂ ਦੇ ਡਰਾਈਵਰਾਂ ਨੂੰ ਇਸ ਦੌਰਾਨ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
ਮੌਸਮ ਵਿਭਾਗ ਵੱਲੋਂ ਜਾਰੀ ਯੈਲੋ ਅਲਰਟ ਅਧੀਨ ਜ਼ਿਲ੍ਹਿਆਂ ਵਿੱਚ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਰੀਦਕੋਟ, ਮੋਗਾ, ਬਠਿੰਡਾ ਤੇ ਲੁਧਿਆਣਾ ਸ਼ਾਮਿਲ ਹਨ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਚਾਰ ਦਿਨਾਂ ਦੌਰਾਨ ਭਾਵੇਂ ਮੌਸਮ ਖੁਸ਼ਕ ਰਹੇਗਾ ਪਰ ਧੁੰਦ ਕਾਰਨ ਦਿਨ ਤੇ ਰਾਤ ਦਾ ਤਾਪਮਾਨ ਡਿੱਗੇਗਾ।
ਦੂਜੇ ਪਾਸੇ ਧੁੰਦ ਤੇ ਠੰਢ ਕਾਰਨ ਮੰਗਲਵਾਰ ਨੂੰ ਘੱਟੋ-ਘੱਟ ਤਾਪਮਾਨ ‘ਚ 0.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਫਰੀਦਕੋਟ ਵਿੱਚ ਮੰਗਲਵਾਰ ਨੂੰ ਸਭ ਤੋਂ ਘੱਟ ਤਾਪਮਾਨ 5.5 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਅੰਮ੍ਰਿਤਸਰ ਦਾ 6.0 ਡਿਗਰੀ, ਲੁਧਿਆਣਾ ਦਾ 7.1 ਡਿਗਰੀ, ਪਟਿਆਲਾ ਦਾ 7.0 ਡਿਗਰੀ, ਪਠਾਨਕੋਟ ਦਾ 7.9 ਡਿਗਰੀ, ਬਠਿੰਡਾ ਦਾ 6.0 ਡਿਗਰੀ, ਗੁਰਦਾਸਪੁਰ ਦਾ 7.2 ਡਿਗਰੀ, ਫਤਿਹਗੜ੍ਹ ਸਾਹਿਬ ਦਾ 6.5 ਡਿਗਰੀ, ਫ਼ਿਰੋਜ਼ਪੁਰ ਦਾ 6.0 ਡਿਗਰੀ ਤੇ ਰੋਪੜ ਦਾ 7.7 ਡਿਗਰੀ ਤਾਪਮਾਨ ਦਰਜ ਕੀਤਾ ਗਿਆ।