Site icon TV Punjab | Punjabi News Channel

ਬਜ਼ੁਰਗ ਵਿਧਵਾ ਮਹਿਲਾ ਦਾ ਬੇਰਹਿਮੀ ਨਾਲ ਕਤਲ , ਬੇਟੇ ‘ਤੇ ਸ਼ੱਕ

ਸੁਲਤਾਨਪੁਰ ਲੋਧੀ- ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਵੀਰਵਾਰ ਸਵੇਰੇ ਕਰੀਬ 10 ਵਜੇ ਮੁਹੱਲਾ ਜਵਾਲਾ ਸਿੰਘ ਨਗਰ ’ਚ ਉਸ ਸਮੇਂ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਇਕ ਬਜ਼ੁਰਗ ਵਿਧਵਾ ਦੀ ਸ਼ੱਕੀ ਹਾਲਾਤ ’ਚ ਉਸ ਦੇ ਘਰ ’ਚ ਪਈ ਲਾਸ਼ ਬਰਾਮਦ ਹੋਈ। ਜਾਣਕਾਰੀ ਅਨੁਸਾਰ ਮੁਹੱਲਾ ਜਵਾਲਾ ਸਿੰਘ ਨਗਰ ’ਚ ਇਕ ਬਜ਼ੁਰਗ ਵਿਧਵਾ ਕੁਲਵਿੰਦਰ ਕੌਰ (65) ਆਪਣੇ ਘਰ ’ਚ ਇਕੱਲੀ ਰਹਿੰਦੀ ਸੀ। ਉਸ ਦੇ ਪਤੀ ਜਸਵੰਤ ਸਿੰਘ ਦੀ ਮੌਤ ਹੋ ਚੁੱਕੀ ਸੀ। ਘਰ ’ਚ ਕਿਰਾਏਦਾਰ ਵੀ ਰਹਿੰਦੇ ਹਨ ਜੋ ਕੁਝ ਦਿਨਾਂ ਤੋਂ ਬਾਹਰ ਘੁੰਮਣ ਗਏ ਸਨ। ਵੀਰਵਾਰ ਨੂੰ ਜਦੋਂ ਉਹ ਘਰ ਵਾਪਸ ਆਏ ਤਾਂ ਉਨ੍ਹਾਂ ਨੂੰ ਘਰ ’ਚੋਂ ਬਦਬੂ ਆ ਰਹੀ ਸੀ। ਉਨ੍ਹਾਂ ਨੇ ਜਦੋਂ ਮਾਲਕਣ ਨੂੰ ਆਵਾਜ਼ ਮਾਰੀ ਤਾਂ ਉਸ ਨੇ ਮਾਲਕਣ ਨੂੰ ਕਮਰੇ ਦੀ ਫ਼ਰਸ਼ ਤੇ ਲੰਮੇ ਪਏ ਦੇਖਿਆ। ਆਵਾਜ਼ ਮਾਰਨ ’ਤੇ ਜਦੋਂ ਉਹ ਕੁਝ ਵੀ ਨਾ ਬੋਲੀ ਤਾਂ ਕਿਰਾਏਦਾਰਾਂ ਨੇ ਮੁਹੱਲਾ ਵਾਸੀਆਂ ਨੂੰ ਦੱਸਿਆ। ਮੁਹੱਲਾ ਵਾਸੀਆਂ ਨੇ ਇਕੱਠੇ ਹੋ ਕੇ ਦੇਖਿਆ ਕਿ ਕੁਲਵਿੰਦਰ ਕੌਰ ਕਮਰੇ ’ਚ ਖ਼ੂਨ ਨਾਲ ਲੱਥਪੱਥ ਪਈ ਹੋਈ ਸੀ।

ਇਸ ਸਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਘਟਨਾ ਦੀ ਖ਼ਬਰ ਮਿਲਦਿਆਂ ਐੱਸਐੱਚਓ ਗਗਨਦੀਪ ਸਿੰਘ ਸੇਖੋਂ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਮੌਕੇ ’ਤੇ ਪੁੱਜੇ ਐੱਸਪੀਡੀ ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ ਮਾਮਲਾ ਕਤਲ ਦਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਮ੍ਰਿਤਕਾ ਦੇ ਬੇਟੇ ਦਲਬੀਰ ਸਿੰਘ ਬਿੱਲਾ ਜਿਸ ਦੀ ਉਮਰ ਕਰੀਬ 38 ਸਾਲ ਹੈ, ਨੂੰ ਹਿਰਾਸਤ ’ਚ ਲੈਕੇ ਪੁੱਛਗਿੱਛ ਕਰ ਰਹੇ ਹਾਂ। ਥਾਣਾ ਮੁਖੀ ਨੇ ਦੱਸਿਆ ਕਿ ਲਾਸ਼ ਦੇ ਪੋਸਟਮਾਰਟਮ ਉਪਰੰਤ ਸਾਰੀ ਸਥਿਤੀ ਦਾ ਪਤਾ ਲੱਗੇਗਾ । ਘਟਨਾ ਦੀ ਖ਼ਬਰ ਮਿਲਦਿਆਂ ਮ੍ਰਿਤਕਾ ਦਾ ਵੱਡਾ ਬੇਟਾ ਦਵਿੰਦਰ ਸਿੰਘ ਜੋ ਆਪਣੇ ਜੱਦੀ ਪਿੰਡ ਬੂਸੋਵਾਲ ਵਿਖੇ ਰਹਿੰਦਾ ਹੈ ਵੀ ਪੁੱਜ ਗਿਆ। ਉਸ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਦਲਬੀਰ ਸਿੰਘ ਬਿੱਲਾ ਜੋ ਪਹਿਲਾਂ ਵਿਦੇਸ਼ ’ਚ ਰਹਿੰਦਾ ਸੀ ਹੁਣ ਉਹ ਡਿਪੋਟ ਹੋ ਕੇ ਮਾਂ ਨਾਲ ਇਸੇ ਘਰ ’ਚ ਰਹਿੰਦਾ ਸੀ। ਉਸ ਨੇ ਪੁਲਿਸ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।

Exit mobile version