ਨਵੀਂ ਦਿੱਲੀ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਛੇਤੀ ਹੀ ‘ਪੰਜਾਬ ਵਿਕਾਸ ਪਾਰਟੀ’ ਨਾਂਅ ਦੀ ਨਵੀਂ ਪਾਰਟੀ ਦਾ ਐਲਾਨ ਕਰਨ ਜਾ ਰਹੇ ਹਨ। ਸਮਝਿਆ ਜਾ ਰਿਹਾ ਹੈ ਕਿ ਅਮਰਿੰਦਰ ਸਿੰਘ ਆਪਣੀ ਨਵੀਂ ਪਾਰਟੀ ਦੇ ਗਠਨ ਬਾਰੇ ਵਿਚਾਰ ਕਰਨ ਲਈ ਜਲਦੀ ਹੀ ਆਪਣੇ ਨੇੜਲੇ ਨੇਤਾਵਾਂ ਦੀ ਮੀਟਿੰਗ ਸੱਦਣਗੇ, ਜਿਸ ਵਿਚ ਸਿੱਧੂ ਵਿਰੋਧੀ ਧੜੇ ਦੇ ਸਾਰੇ ਆਗੂ ਸ਼ਾਮਲ ਕੀਤੇ ਜਾਣਗੇ।
ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਦਾ ਟੀਚਾ ਨਵਜੋਤ ਸਿੰਘ ਸਿੱਧੂ ਨੂੰ ਹਰਾਉਣਾ ਹੈ। ਅਜਿਹੀ ਸਥਿਤੀ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਵੱਲੋਂ ਸਿੱਧੂ ਦੇ ਖਿਲਾਫ ਇਕ ਮਜ਼ਬੂਤ ਉਮੀਦਵਾਰ ਨੂੰ ਮੈਦਾਨ ਵਿਚ ਉਤਾਰਿਆ ਜਾਵੇਗਾ।
ਉਨ੍ਹਾਂ ਕਿਹਾ ਸੀ ਕਿ ਮੇਰਾ ਅਪਮਾਨ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਉਹ ਕਾਂਗਰਸ ਛੱਡ ਰਹੇ ਹਨ ਪਰ ਭਾਜਪਾ ਵਿਚ ਵੀ ਨਹੀਂ ਜਾਣਗੇ। ਅਜਿਹੀ ਸਥਿਤੀ ਵਿਚ ਉਹ ਆਪਣੀ ਨਵੀਂ ਪਾਰਟੀ ਹੀ ਬਣਾ ਸਕਦੇ ਹਨ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਮਰਿੰਦਰ ਸਿੰਘ ਨੇ ਕਾਂਗਰਸ ਛੱਡਣ ਦਾ ਐਲਾਨ ਕੀਤਾ ਹੋਵੇ। 1980 ਵਿਚ ਉਨ੍ਹਾਂ ਨੇ ਕਾਂਗਰਸ ਦੇ ਚੋਣ ਨਿਸ਼ਾਨ ‘ਤੇ ਲੋਕ ਸਭਾ ਚੋਣਾਂ ਜਿੱਤੀਆਂ, ਪਰ 1984 ਵਿਚ ਹੋਏ ਅਪ੍ਰੇਸ਼ਨ ਬਲਿਊ ਸਟਾਰ ਤੋਂ ਬਾਅਦ ਉਹ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਸਨ। ਉਹ 1998 ਵਿਚ ਮੁੜ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ।
ਟੀਵੀ ਪੰਜਾਬ ਬਿਊਰੋ