Ottawa- ਕੈਨੇਡਾ ’ਚ 15 ਨਵੰਬਰ 2022 ਤੋਂ ਕੌਮਾਂਤਰੀ ਵਿਦਿਆਰਥੀਆਂ ਲਈ ਅਸਥਾਈ ਤੌਰ ’ਤੇ ਕੰਮ ਕਰਨ ਸੰਬੰਧੀ ਲਾਗੂ ਕੀਤੀ ਗਈ ਨੀਤੀ ਹੁਣ ਲਗਭਗ ਖ਼ਤਮ ਹੋਣ ਵਾਲੀ ਹੈ। ਇਹ ਨੀਤੀ ਸਰਕਾਰ ਵਲੋਂ ਇੱਕ ਸਾਲ ਲਈ ਲਾਗੂ ਕੀਤੀ ਗਈ ਸੀ ਅਤੇ ਇਸ ਦੇ ਤਹਿਤ ਵਿਦਿਆਰਥੀ ਹੁਣ ਦੇ ਦੌਰਾਨ ਅਸੀਮਿਤ ਕੰਮ ਕਰ ਸਕਦੇ ਹਨ।
ਕੈਨੇਡਾ ਪਿਛਲੇ ਕਾਫੀ ਸਮੇਂ ਤੋਂ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ, ਜਿਸ ਨਾਲ ਕਾਰੋਬਾਰਾਂ ਅਤੇ ਕਾਮਿਆਂ ’ਤੇ ਮਾੜਾ ਅਸਰ ਪੈ ਰਿਹਾ ਹੈ।
ਹਾਲ ਹੀ ’ਚ ਇੰਸਟਾਗ੍ਰਾਮ ’ਤੇ ਕੁਝ ਯੂਜ਼ਰਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਆਈ. ਆਰ. ਸੀ. ਸੀ. ਵਲੋਂ ਇੱਕ ਈ-ਮੇਲ ਕੀਤੀ ਗਈ ਹੈ, ਜਿਸ ’ਚ ਉਨ੍ਹਾਂ ਨੂੰ ਕੌਮਾਂਤਰੀ ਵਿਦਿਆਰਥੀਆਂ ਲਈ ਫੁੱਲ-ਟਾਈਮ ਕੰਮ ਦੀ ਨੀਤੀ ਪ੍ਰਤੀ ਉੁੁਨ੍ਹਾਂ ਦੇ ਤਜ਼ਰਬੇ ਦੇ ਸਬੰਧ ਵਿੱਚ ਇੱਕ ਸਰਵੇਖਣ ਵਿੱਚ ਹਿੱਸਾ ਲੈਣ ਲਈ ਕਿਹਾ ਗਿਆ ਹੈ। ਇਹ ਸਰਵੇਖਣ 11 ਸਤੰਬਰ, 2023 ਤੱਕ ਖੁੱਲ੍ਹਾ ਰਹੇਗਾ।
ਦੱਸ ਦਈਏ ਕਿ ਕੈਨੇਡਾ ਦੀ ਡਿੱਗ ਰਹੀ ਆਰਥਿਕਤਾ ਨੂੰ ਬਚਾਉਣ ਲਈ, ਬੀਤੇ ਸਾਲ ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਮੰਤਰੀ ਸੀਨ ਫਰੇਜ਼ਰ ਨੇ ਇੱਕ ਨਵੀਂ ਅਸਥਾਈ ਜਨਤਕ ਨੀਤੀ ਪੇਸ਼ ਕੀਤੀ ਸੀ। ਸੀਨ ਫਰੇਜ਼ਰ ਕੋਲ ਹੁਣ ਇਸ ਵੇਲੇ ਦੇ ਹਾਊਸਿੰਗ ਮੰਤਰੀ ਹ।
7 ਅਕਤੂਬਰ, 2022 ਨੂੰ, ਉਨ੍ਹਾਂ ਨੇ ਐਲਨ ਕੀਤਾ ਸੀ ਕਿ 15 ਨਵੰਬਰ, 2022 ਤੋਂ 31 ਦਸੰਬਰ, 2023 ਤੱਕ, ਪੋਸਟ-ਸੈਕੰਡਰੀ ਵਿਦਿਆਰਥੀਆਂ ਨੂੰ ਹੁਣ ਕੈਂਪਸ ਤੋਂ ਬਾਹਰ 40 ਘੰਟੇ ਕੰਮ ਕਰਨ ਦੀ ਇਜਾਜ਼ਤ ਹੈ।
ਇਸ ਸੰਬੰਧੀ ਫਰੇਜ਼ਰ ਨੇ ਕਿਹਾ ਸੀ ਕਿ ਇਹ ਨਾ ਸਿਰਫ਼ ਕੌਮਾਂਤਰੀ ਵਿਦਿਆਰਥੀਆਂ ਲਈ ਸਗੋਂ ਕੈਨੇਡਾ ਲਈ ਵੀ ਫਾਇਦੇ ਦੀ ਸਥਿਤੀ ਹੈ। ਇਹ ਨੀਤੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਕਰਦੇ ਸਮੇਂ ਵਿੱਤੀ ਸਥਿਰਤਾ ਪ੍ਰਾਪਤ ਕਰਨ ਦੀ ਇਜਾਜ਼ਤ ਦਿੰਦੀ ਹੈ ਅਤੇ ਉਹ ਕੈਨੇਡੀਅਨ ਆਰਥਿਕਤਾ ਨੂੰ ਲੀਹ ’ਤੇ ਲਿਆਉਣ ’ਚ ਮਦਦ ਕਰ ਰਹੇ ਹਨ। ਹਾਲਾਂਕਿ, ਇਸ ਨੀਤੀ ਦੇ ਤਹਿਤ ਸਿਰਫ਼ ਉਹ ਵਿਦਿਆਰਥੀ ਹੀ ਕੰਮ ਕਰ ਸਕਦੇ ਹਨ, ਜਿਨ੍ਹਾਂ ਨੂੰ ਸਟੱਡੀ ਪਰਮਿਟ 7 ਅਕਤੂਬਰ, 2022 ਨੂੰ ਜਾਂ ਇਸ ਤੋਂ ਪਹਿਲਾਂ ਮਿਲਿਆ ਹੈ।
ਸਰਕਾਰ ਦੇ ਇਸ ਫ਼ੈਸਲੇ ਤਹਿਤ 500,000 ਤੋਂ ਵੱਧ ਯੋਗ ਕੌਮਾਂਤਰੀ ਵਿਦਿਆਰਥੀ ਜੋ ਪਹਿਲਾਂ ਹੀ ਕੈਨੇਡਾ ’ਚ ਹਨ, ਨੂੰ ਵਧੇਰੇ ਘੰਟੇ ਕੰਮ ਕਰਨ ਦੀ ਸੰਭਾਵਨਾ ਮਿਲ ਰਹੀ ਹੈ।
ਇਹ ਨਵੀਂ ਨੀਤੀ ਕੌਮਾਂਤਰੀ ਵਿਦਿਆਰਥੀਆਂ ਦੀ ਰੋਜ਼ੀ-ਰੋਟੀ ’ਤੇ ਕਾਫੀ ਪ੍ਰਭਾਵ ਪਾਉਂਦੀ ਹੈ। ਉਹ ਇਸ ਆਰਥਿਕ ਮੰਦੀ ’ਚ ਆਪਣੇ ਜ਼ਰੂਰੀ ਖਰਚਿਆਂ ਨੂੰ ਪੂਰਾ ਕਰ ਸਕਦੇ ਹਨ ਅਤੇ ਸਿਰਫ ਇਹ ਹੀ ਨਹੀਂ, ਬਲਕਿ ਇਹ ਇੱਕ ਵਧੀਆ ਪਹਿਲਕਦਮੀ ਹੈ ਜੋ ਵਿਦਿਆਰਥੀਆਂ ਨੂੰ ਆਪਣੇ ਪ੍ਰੋਗਰਾਮ ਨੂੰ ਪੂਰਾ ਕਰਦੇ ਹੋਏ ਰੁਜ਼ਗਾਰਦਾਤਾਵਾਂ ਨਾਲ ਜੁੜਨ ਦੀ ਆਗਿਆ ਦਿੰਦੀ ਹੈ ਅਤੇ ਸੰਭਾਵਤ ਤੌਰ ’ਤੇ ਆਪਣੀ ਪੜ੍ਹਾਈ ਤੋਂ ਬਾਅਦ ਨੌਕਰੀਆਂ ਪ੍ਰਾਪਤ ਕਰਦੇ ਹਨ।
ਕੀ ਕੌਮਾਂਤਰੀ ਵਿਦਿਆਰਥੀਆਂ ਲਈ ਫੁੱਲ ਟਾਈਮ ਵਰਕ ਦੀ ਨੀਤੀ ਨੂੰ ਵਧਾਏਗੀ ਕੈਨੇਡਾ ਸਰਕਾਰ?
