ਚੰਡੀਗੜ੍ਹ- ਸੋਮਵਾਰ ਨੂੰ ਧੁੰਦ ਦਾ ਪਹਿਲਾ ਦਿਨ ਸੀ, ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ ਰਹੀ। ਅਜਿਹੇ ਹਾਲਾਤ ਸਵੇਰੇ ਸਾਢੇ ਅੱਠ ਵਜੇ ਤੱਕ ਬਣੇ ਰਹੇ। ਇਸ ਤੋਂ ਬਾਅਦ ਕੁਝ ਸੁਧਾਰ ਹੋਇਆ ਪਰ ਫਿਰ ਵੀ ਵਿਜ਼ੀਬਿਲਟੀ 50 ਮੀਟਰ ਹੀ ਰਹਿ ਗਈ। ਅਜਿਹੇ ‘ਚ ਮੌਸਮ ਵਿਭਾਗ ਨੇ 20 ਦਸੰਬਰ ਲਈ ਰੈੱਡ ਅਲਰਟ ਜਾਰੀ ਕੀਤਾ ਹੈ।
ਇਸ ਦਾ ਮਤਲਬ ਹੈ ਕਿ ਮੌਸਮ ਕਿਸੇ ਵੀ ਸਮੇਂ ਗੰਭੀਰ ਰੂਪ ਧਾਰਨ ਕਰ ਸਕਦਾ ਹੈ। ਮੌਸਮ ਵਿਭਾਗ ਨੇ ਮੰਗਲਾਵਰ ਲਈ ਪੰਜਾਬ ਦੇ ਮਾਝਾ, ਦੋਆਬਾ ਤੇ ਪੂਰਬੀ ਮਾਲਵਾ ਦੇ 17 ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਖਾਸ ਤੌਰ ‘ਤੇ ਸਵੇਰੇ ਤੇ ਰਾਤ ਨੂੰ ਸੰਘਣੀ ਧੁੰਦ ਨਾਲ ਸੀਤ ਲਹਿਰਾਂ ਚੱਲਣਗੀਆਂ। ਉਥੇ ਹੀ ਸੋਮਵਾਰ ਨੂੰ ਪੰਜਾਬ ਵਿੱਚ ਬਠਿੰਡਾ ਸਭ ਤੋਂ ਵੱਧ 2.6 ਡਿਗਰੀ ਨਾਲ ਠੰਡਾ ਰਿਹਾ। ਮੌਸਮ ਵਿਭਾਗ ਦੇ ਮੁਤਾਬਕ ਫਿਲਹਾਲ ਸੰਘਣੀ ਧੁੰਦ ਦਾ ਪ੍ਰਕੋਪ ਘੱਟ ਨਹੀਂ ਹੋਵੇਗਾ। ਵਿਭਾਗ ਨੇ ਮੰਗਲਵਾਰ ਲਈ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਮਾਲੇਰਕੋਟਲਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਮੋਹਾਲੀ ਲਈ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ।
ਵਿਭਾਗ ਦੀ ਚਿਤਾਵਨੀ ਮੁਤਾਬਕ ਇਨ੍ਹਾਂ ਜ਼ਿਲ੍ਹਿਆਂ ਵਿੱਚ ਮੰਗਲਵਾਰ ਨੂੰ ਸਵੇਰੇ ਤੇ ਰਾਤ ਨੂੰ ਸੰਘਣੀ ਧੁੰਦ ਪਏਗੀ ਤੇ ਸੀਤ ਲਹਿਰ ਚੱਲੇਗੀ। ਵਿਜ਼ੀਬਿਲਟੀ ਜ਼ੀਰੋ ਤੱਕ ਜਾ ਸਕਦੀ ਹੈ। ਦੂਜੇ ਪਾਸੇ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 5.5 ਡਿਗਰੀ, ਲੁਧਿਆਣਾ ਦਾ 4.2, ਪਟਜਿਆਲਾ ਦਾ 6.5, ਜਲੰਧਰ ਦਾ 6.8 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਮੌਸਮ ਵਿਭਾਗ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਮੁਤਾਬਕ ਰੈੱਡ ਅਲਰਟ ਵਾਲੇ ਜ਼ਿਲ੍ਹਿਆਂ ਵਿੱਚ ਲੋਕ ਸਵੇਰੇ ਤੇ ਰਾਤ ਨੂੰ ਸੰਘਣੀ ਧੁੰਦ ਵਿੱਚ ਗੱਡੀਆਂ ਸੰਭਾਲ ਕੇ ਤੇ ਹੌਲੀ ਚਲਾਉਣ, ਕਿਉਂਕਿ ਅਜੇ ਧੁੰਦ ਕੁਝ ਹੋਰ ਦਿਨ ਸਤਾ ਸਕਦੀ ਹੈ।
ਹਵਾ ਵਿੱਚ ਨਮੀ ਮਹਿਜ਼ 67 ਫੀਸਦੀ ਹੈ। ਜਦੋਂ ਤੱਕ ਇਹ 100 ਪ੍ਰਤੀਸ਼ਤ ਨਹੀਂ ਹੋ ਜਾਂਦਾ, ਉਦੋਂ ਤੱਕ ਤ੍ਰੇਲ ਸੀਮਤ ਰਹੇਗੀ। ਇਸ ਕਾਰਨ ਸੁੱਕੀ ਠੰਢ ਦਾ ਅਸਰ ਵੀ ਜਾਰੀ ਰਹੇਗਾ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਦਸੰਬਰ ਦੇ 19 ਦਿਨ ਸੁੱਕੀ ਠੰਢ ਵਿੱਚ ਲੰਘੇ ਹਨ।