Calgary- ਅਲਬਰਟਾ ’ਚ ਪੁਲਿਸ ਹਿਰਾਸਤ ’ਚ ਇੱਕ ਮਹਿਲਾ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਹੁਣ ਇਸ ਮਾਮਲੇ ਦੀ ਜਾਂਚ ਅਲਬਰਟਾ ਸੀਰੀਅਸ ਇੰਸੀਡੈਂਟ ਰਿਸਪਾਂਸ ਟੀਮ ਵਲੋਂ ਕੀਤੀ ਜਾ ਰਹੀ ਹੈ।
ਲੇਥਬ੍ਰਿਜ ਪੁਲਿਸ ਸੇਵਾ ਦਾ ਕਹਿਣਾ ਹੈ ਕਿ 31 ਸਾਲਾ ਔਰਤ ਨੂੰ ਸ਼ੁੱਕਰਵਾਰ ਦੇਰ ਰਾਤ ਇੱਕ ਗੰਭੀਰ ਹਮਲੇ ਦੇ ਸੰਬੰਧ ’ਚ ਗ੍ਰਿਫਤਾਰ ਕੀਤਾ ਗਿਆ ਸੀ, ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਗਿ੍ਰਫ਼ਤਾਰੀ ਸਮੇਂ ਉਕਤ ਔਰਤ ਅਣਪਛਾਤੇ ਪਦਾਰਥਾਂ ਦੇ ਨਸ਼ੇ ’ਚ ਧੁੱਤ ਨਜ਼ਰ ਆ ਰਹੀ ਸੀ।
ਪੁਲਿਸ ਮੁਤਾਬਕ ਈਐਮਐਸ ਵਲੋਂ ਮੁਲਾਂਕਣ ਤੋਂ ਬਾਅਦ, ਉਸਨੂੰ ਚਿਨੂਕ ਖੇਤਰੀ ਹਸਪਤਾਲ ਲਿਜਾਇਆ ਗਿਆ ਅਤੇ ਸ਼ਨੀਵਾਰ ਨੂੰ ਜ਼ਿਆਦਾਤਰ ਸਮੇਂ ਦੌਰਾਨ ਉਹ ਡਾਕਟਰੀ ਸਟਾਫ ਦੀ ਦੇਖਭਾਲ ’ਚ ਰਹੀ। ਹਸਪਤਾਲ ’ਚ ਛੁੱਟੀ ਮਗਰੋਂ ਉਸ ਨੂੰ ਮੁੜ ਹਿਰਾਸਤ ’ਚ ਲੈ ਲਿਆ ਗਿਆ ਅਤੇ ਉਸਨੂੰ ਪੁਲਿਸ ਸਟੇਸ਼ਨ ਦੇ ਇੱਕ ਹੋਲਡਿੰਗ ਸੈੱਲ ਵਿੱਚ ਰੱਖਿਆ ਗਿਆ ਸੀ ਜਿੱਥੇ ਉਹ ਬਾਅਦ ’ਚ ਮਿ੍ਰਤਕ ਹਾਲਤ ’ਚ ਮਿਲੀ।
ਪੁਲਿਸ ਦਾ ਕਹਿਣਾ ਹੈ ਕਿ ਅਧਿਕਾਰੀਆਂ ਅਤੇ ਈਐਮਐਸ ਦੀਆਂ ਕੋਸ਼ਿਸ਼ਾਂ ਉਸ ਨੂੰ ਮੁੜ ਜੀਵਤ ਕਰਨ ’ਚ ਅਸਫਲ ਰਹੀਆਂ, ਅਤੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਲੈਥਬ੍ਰਿਜ ਪੁਲਿਸ ਨੇ ਦੱਸਿਆ ਕਿ ਅਲਬਰਟਾ ਸੀਰੀਅਸ ਇੰਸੀਡੈਂਟ ਰਿਸਪਾਂਸ ਟੀਮ, ਜੋ ਕਿ ਪੁਲਿਸ ਅਧਿਕਾਰੀ ਦੀਆਂ ਕਾਰਵਾਈਆਂ ਦੇ ਨਤੀਜੇ ਵਜੋਂ ਗੰਭੀਰ ਸੱਟ ਜਾਂ ਮੌਤ ਨਾਲ ਜੁੜੀਆਂ ਘਟਨਾਵਾਂ ਜਾਂ ਸ਼ਿਕਾਇਤਾਂ ਦੀ ਜਾਂਚ ਕਰਦੀ ਹੈ, ਨੇ ਹੁਣ ਜਾਂਚ ਦੀ ਕਮਾਨ ਨੂੰ ਸੰਭਾਲ ਲਿਆ ਹੈ।