Site icon TV Punjab | Punjabi News Channel

ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਮੁੱਖ ਭੂਮਿਕਾ ਮਹਿਲਾਵਾਂ ਦੀ ਹੋਵੇਗੀ : ਰਾਜਵਿੰਦਰ ਕੌਰ

ਜਲੰਧਰ : ਆਮ ਆਦਮੀ ਪਾਰਟੀ ਪੰਜਾਬ ਦੀ ਮਹਿਲਾ ਵਿੰਗ ਦੀ ਪ੍ਰਧਾਨ ਰਾਜਵਿੰਦਰ ਕੌਰ ਅਤੇ ਜ਼ਿਲਾ ਜਲੰਧਰ ਦੀ ਪ੍ਰਧਾਨ ਸੀਮਾ ਵਡਾਲਾ ਦੀ ਅਗਵਾਈ ਵਿਚ ਜਲੰਧਰ ਦੀਆਂ ਮਹਿਲਾ ਵਰਕਰਾਂ ਦੀ ਮੀਟਿੰਗ ਕੀਤੀ ਗਈ।

ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਈ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜਵਿੰਦਰ ਕੌਰ ਨੇ ਕਿਹਾ ਕਿ ਇਸ ਵਾਰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਮਹਿਲਾਵਾਂ ਦੀ ਮੁੱਖ ਭੂਮਿਕਾ ਹੋਵੇਗੀ ਤੇ ਇਸ ਵਾਰ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ।

ਰਾਜਵਿੰਦਰ ਕੌਰ ਅਤੇ ਸੀਮਾ ਵਡਾਲਾ ਨੇ ਕਿਹਾ ਕਿ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਹਰ ਮੋਰਚੇ ‘ਤੇ ਫੇਲ ਹੋ ਰਹੀ ਹੈ ਅਤੇ ਨਾਲ ਹੀ ਕਾਂਗਰਸ ਦੀ ਕੈਪਟਨ ਸਰਕਾਰ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਅਤੇ ਝੂਠੇ ਲਾਰੇ ਲਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।

ਜੇਕਰ 2017 ਵਿਚ ਕੀਤੇ ਗਏ ਵਾਅਦੇ ਨਾਂ ਪੂਰੇ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇਂ ‘ਚ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਾ ਘਿਰਾਓ ਕੀਤਾ ਜਾਵੇਗਾ। ਇਸ ਮੀਟਿੰਗ ਵਿਚ ਹਰ ਵਰਗ ਦੀਆਂ ਮਹਿਲਾਵਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਦਿੱਲੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦੀ ਸ਼ਲਾਘਾ ਕੀਤੀ।

ਉਨਾਂ ਨੇ ਕਿਹਾ ਇਸ ਵਾਰ ਘਰ ਘਰ ਵਿੱਚੋਂ ਇਕ ਹੀ ਆਵਾਜ਼ ਆ ਰਹੀ ਹੈ ਇਸ ਵਾਰ ਆਪ ਦੀ ਸਰਕਾਰ। ਚਾਹੇ ਮਹਿੰਗੀ ਬਿਜਲੀ ਦਾ ਮੁੱਦਾ ਹੋਵੇ, ਚਾਹੇ ਬੇਅਦਬੀ ਦਾ ਮੁੱਦਾ ਹੋਵੇ, ਚਾਹੇ ਝੂਠੀਆਂ ਸੌਹਾਂ ਖਾਣ ਦਾ, ਬੇਰੋਜ਼ਗਾਰੀ ਅਤੇ ਨਸ਼ਿਆਂ ਦਾ ਮੁੱਦਾ ਹੋਵੇ, ਕੈਪਟਨ ਸਰਕਾਰ ਹਰ ਥਾਂ ਤੇ ਫੇਲ ਹੀ ਰਹਿ ਹੈ।

ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਜੋ ਕਿਹਾ ਉਹ ਕਰਕੇ ਵਿਖਾਇਆ। ਇਸ ਮੌਕੇ ਨਵਜੋਤ ਕੌਰ ਜਯੋਤੀ ਜੁਆਇੰਟ ਸਕੱਤਰ ਪੰਜਾਬ ਮਹਿਲਾ ਵਿੰਗ, ਮਨਿੰਦਰ ਕੌਰ ਪਾਬਲਾ ਬਲਾਕ ਪ੍ਰਧਾਨ, ਗੁਰਪ੍ਰੀਤ ਕੌਰ ਜੋਇੰਟ ਸਕੱਤਰ, ਕਵਿਤਾ ਬੱਬਰ ਸੈਂਟਰਲ ਹਲਕਾ ਇੰਚਾਰਜ, ਸ੍ਰੀਮਤੀ ਕੌਸ਼ਲ ਸੱਕਤਰ, ਮਨੀਸ਼, ਸੁਮਨ ਮੌਜੂਦ ਸਨ।

ਟੀਵੀ ਪੰਜਾਬ ਬਿਊਰੋ

Exit mobile version