ਲੁਧਿਆਣਾ : ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਵਿਚਲੇ ਭੋਜਨ ਅਤੇ ਪੋਸ਼ਣ ਵਿਭਾਗ ਦੇ ਕਾਊਂਸਲਿੰਗ ਸੈੱਲ ਵੱਲੋਂ ਅੱਜ ਵਿਸ਼ਵ ਡਾਇਬੀਟੀਜ਼ ਦਿਹਾੜੇ ਦੇ ਸੰਬੰਧ ਵਿਚ ਇਕ ਜਾਗਰੂਕਤਾ ਸਮਾਗਮ ਕਰਾਇਆ ਗਿਆ।
ਇਸ ਸਿਲਸਿਲੇ ਵਿਚ ਵਿਭਾਗ ਨੇ ਇੱਕ ਪ੍ਰਦਰਸ਼ਨੀ ਅਤੇ ਕਾਊਂਸਲਿੰਗ ਸੈਂਸ਼ਨ ਦਾ ਆਯੋਜਨ ਕੀਤਾ ਜਿਸਦਾ ਉਦੇਸ਼ ਲੋਕਾਂ ਨੂੰ ਸ਼ੱਕਰ ਰੋਗ ਬਾਰੇ ਜਾਣਕਾਰੀ ਦੇਣਾ ਸੀ। ਯਾਦ ਰਹੇ ਕਿ ਇਹ ਦਿਹਾੜਾ ਹਰ ਸਾਲ 14 ਨਵੰਬਰ ਨੂੰ ਇਸ ਬਿਮਾਰੀ ਬਾਰੇ ਜਾਣਕਾਰੀ ਦੇਣ ਦੇ ਮਕਸਦ ਨਾਲ ਮਨਾਇਆ ਜਾਂਦਾ ਹੈ।
ਵਿਭਾਗ ਦੇ ਵਿਦਿਆਰਥੀਆਂ ਅਤੇ ਪੋਸ਼ਣ ਮਾਹਿਰਾਂ ਨੇ ਇਸ ਸਮਾਗਮ ਦੇ ਅੰਤਰਗਤ ਲੋਕਾਂ ਨੂੰ ਜਾਗਰੂਕ ਕੀਤਾ। ਇਸ ਕਾਰਜ ਲਈ ਸ਼ੱਕਰ ਰੋਗ ਤੋਂ ਪੀੜਤ ਲੋਕਾਂ ਲਈ ਰੋਜ਼ਾਨਾ ਦੇ ਸਾਦੇ ਭੋਜਨ ਦੀ ਸੂਚੀ ਪ੍ਰਦਰਸ਼ਿਤ ਕੀਤੀ ਗਈ। ਇਸ ਤੋਂ ਇਲਾਵਾ ਸਵਾਲ ਪੁੱਛਣ ਵਾਲੇ ਲੋਕਾਂ ਨੂੰ ਮੌਕੇ ਤੇ ਹੀ ਢੁੱਕਵੇਂ ਜਵਾਬ ਦਿੱਤੇ ਗਏ।
ਪੋਸ਼ਣ ਅਤੇ ਭੋਜਨ ਵਿਭਾਗ ਦੇ ਡਾ. ਜਸਵਿੰਦਰ ਬਰਾੜ ਅਤੇ ਡਾ. ਰੇਨੂੰਕਾ ਅਗਰਵਾਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅਜਿਹੇ ਸਮਾਗਮ ਲਗਾਤਾਰ ਹੋਣੇ ਚਾਹੀਦੇ ਹਨ ਤਾਂ ਜੋ ਇਸ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਖੁਰਾਕ ਅਤੇ ਪੋਸ਼ਣ ਸੰਬੰਧੀ ਜਾਗਰੂਕ ਕੀਤਾ ਜਾ ਸਕੇ।
ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਸੰਦੀਪ ਬੈਂਸ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸ਼ੱਕਰ ਰੋਗ ਬਾਰੇ ਸਹੀ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਾ ਕੇ ਇਸ ਦੇ ਪਸਾਰ ਨੂੰ ਰੋਕਿਆ ਜਾ ਸਕਦਾ ਹੈ । ਪੀ.ਏ.ਯੂ. ਦੇ 100 ਤੋਂ ਵਧੇਰੇ ਕਰਮਚਾਰੀ ਇਸ ਜਾਗਰੂਕਤਾ ਪ੍ਰੋਗਰਾਮ ਦਾ ਹਿੱਸਾ ਬਣੇ।
ਟੀਵੀ ਪੰਜਾਬ ਬਿਊਰੋ