ਲੁਧਿਆਣਾ : ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਵੱਲੋਂ ਵਿਸ਼ਵ ਦਿਲ ਦਿਵਸ ਦੇ ਸੰਬੰਧ ਵਿਚ ਪੀ.ਏ.ਯੂ. ਕਰਮਚਾਰੀਆਂ ਨਾਲ ਗੱਲਬਾਤ ਦਾ ਸੈਸ਼ਨ ਕਰਵਾਇਆ ਗਿਆ । ਜ਼ਿਕਰਯੋਗ ਹੈ ਕਿ ਵਿਸ਼ਵ ਦਿਲ ਦਿਵਸ ਦਾ ਉਦੇਸ਼ ਦਿਲ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੈ।
ਇਸ ਵਾਰ ਇਸ ਦਿਹਾੜੇ ਦਾ ਥੀਮ ਦਿਲ ਨਾਲ ਸੰਬੰਧਤ ਦੁਨੀਆਂ ਭਰ ਦੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਜਾਗਰੂਕਤਾ ਲਈ ਡਿਜ਼ੀਟਲ ਵਿਧੀਆਂ ਦੀ ਵਰਤੋਂ ਸੀ। ਇਸ ਮੌਕੇ ਪੋਸ਼ਣ ਮਾਹਿਰਾਂ ਅਤੇ ਵਿਦਿਆਰਥੀਆਂ ਨੇ ਦਿਲ ਦੀਆਂ ਬਿਮਾਰੀਆਂ ਸੰਬੰਧੀ ਜਾਗਰੂਕਤਾ ਕਰਾਉਣ ਲਈ ਚੰਗੀ ਖੁਰਾਕ ਬਾਰੇ ਦੱਸਦਿਆਂ ਸਕਿੱਟ, ਵੱਖ-ਵੱਖ ਖੇਡਾਂ ਅਤੇ ਪੋਸ਼ਕ ਖਾਣਾ ਬਨਾਉਣ ਦੇ ਤਰੀਕੇ ਸਾਂਝੇ ਕੀਤੇ।
ਇਸ ਮੌਕੇ ਭੋਜਨ ਸੰਬੰਧੀ ਬਣਾਏ ਚਾਰਟ ਵੀ ਵੰਡੇ ਗਏ। ਇਸ ਸਮਾਗਮ ਵਿਚ 100 ਤੋਂ ਵਧੇਰੇ ਕਰਮਚਾਰੀਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦੇ ਕੁਆਰਡੀਨੇਟਰ ਭੋਜਨ ਅਤੇ ਪੋਸ਼ਣ ਵਿਭਾਗ ਦੇ ਪ੍ਰੋਫੈਸਰ ਡਾ. ਜਸਵਿੰਦਰ ਬਰਾੜ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਅਤੇ ਸਮਾਜ ਦੇ ਆਮ ਲੋਕਾਂ ਵਿਚ ਸਿਹਤ ਸੰਬੰਧੀ ਜਾਗਰੂਕਤਾ ਦਾ ਪਸਾਰ ਕਰਦੇ ਹਨ।
ਵਿਭਾਗ ਦੇ ਮੁਖੀ ਡਾ. ਕਿਰਨ ਬੈਂਸ ਨੇ ਇਸ ਦਿਹਾੜੇ ਦੇ ਮਹੱਤਵ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਦਿਲ ਸੰਬੰਧੀ ਸਹੀ ਜਾਗਰੂਕਤਾ ਦਾ ਪਸਾਰ ਕਰਕੇ ਇਸ ਬਿਮਾਰੀ ਨੂੰ ਸੰਸਾਰ ਪੱਧਰ ‘ਤੇ ਰੋਕਿਆ ਜਾ ਸਕਦਾ ਹੈ।
ਲਾਈਵ ਪ੍ਰੋਗਰਾਮ ਵਿਚ ਫਸਲਾਂ ਸੰਬੰਧੀ ਵਿਚਾਰ ਹੋਈ
ਪੀ.ਏ.ਯੂ. ਵੱਲੋਂ ਹਰ ਹਫ਼ਤੇ ਕਰਾਏ ਜਾਂਦੇ ਲਾਈਵ ਪ੍ਰੋਗਰਾਮ ਵਿਚ ਇਸ ਵਾਰ ਵੱਖ-ਵੱਖ ਫ਼ਸਲਾਂ ਸੰਬੰਧੀ ਵਿਚਾਰ ਹੋਈ। ਕੀਟ ਵਿਗਿਆਨੀ ਡਾ. ਕਮਲਜੀਤ ਸਿੰਘ ਸੂਰੀ ਨੇ ਝੋਨੇ ਵਿੱਚ ਕਾਲੇ ਤੇਲੇ ਦੀ ਸਮੱਸਿਆ ਅਤੇ ਇਸਦੇ ਹੱਲ ਬਾਰੇ ਵਿਸਥਾਰ ਨਾਲ ਗੱਲ ਕੀਤੀ।
ਮਾਇਕ੍ਰੋਬਾਇਆਲੋਜੀ ਵਿਭਾਗ ਵਿਭਾਗ ਦੇ ਮਾਹਿਰ ਡਾ. ਕੇਸ਼ਾਨੀ ਨੇ ਕੁਦਰਤੀ ਸਿਰਕੇ ਬਾਰੇ ਗੱਲ ਕਰਦਿਆਂ ਕੁਦਰਤੀ ਅਤੇ ਸਿੰਥੈਟਿਕ ਕਿਸਮ ਦੇ ਸਿਰਕੇ ਵਿਚਲੇ ਫਰਕ ਬਾਰੇ ਵਿਸਥਾਰ ਨਾਲ ਸਮਝਾਇਆ।
ਉਹਨਾਂ ਨੇ ਕੁਦਰਤੀ ਸਿਰਕਾ ਤਿਆਰ ਕਰਨ ਦੇ ਤਰੀਕੇ ਸਾਂਝੇ ਕੀਤੇ। ਇਸ ਮੌਕੇ ਇਕ ਡਾਕੂਮੈਂਟਰੀ ਦਿਖਾਈ ਗਈ ਜਿਸ ਵਿਚ ਪਰਾਲੀ ਦੇ ਸੁਚੱਜੇ ਪ੍ਰਬੰਧ ਬਾਰੇ ਦੱਸਿਆ ਗਿਆ।
ਟੀਵੀ ਪੰਜਾਬ ਬਿਊਰੋ