ਕੈਨੇਡਾ ਪਹੁੰਚੇ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ

Ottawa- ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਕੈਨੇਡਾ ਦੀ ਆਪਣੀ ਪਹਿਲੀ ਅਧਿਕਾਰਤ ਯਾਤਰਾ ਲਈ ਵੀਰਵਾਰ ਦੇਰ ਰਾਤ ਓਟਵਾ ਪਹੁੰਚੇ। ਯੂਕਰੇਨ ਦੇ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਓਲੇਨਾ ਜ਼ੇਲੇਂਸਕਾ, ਯੂਕਰੇਨ ਦੇ ਝੰਡੇ ਨਾਲ ਸਜੇ ਹੋਏ ਜਹਾਜ਼ ’ਚ ਪਹੁੰਚੇ ਅਤੇ ਜਹਾਜ਼ ਦੇ ਚਾਲਕ ਦਲ ਨੇ ਲੈਂਡਿੰਗ ’ਤੇ ਕਾਕਪਿਟ ਦੀ ਖਿੜਕੀ ਦੇ ਬਾਹਰ ਨੀਲੇ-ਪੀਲੇ ਝੰਡੇ ਨੂੰ ਲਗਾ ਦਿੱਤਾ।
ਇਸ ਜੋੜੇ ਦਾ ਸਵਾਗਤ ਇੱਕ ਛੋਟੇ ਵਫ਼ਦ ਵਲੋਂ ਕੀਤਾ ਗਿਆ, ਜਿਸ ’ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਅਤੇ ਕੈਨੇਡਾ ’ਚ ਯੂਕਰੇਨ ਦੀ ਰਾਜਦੂਤ, ਯੂਲੀਆ ਕੋਵਾਲੀਵ ਸ਼ਾਮਿਲ ਸਨ। ਕੈਨੇਡਾ ’ਚ ਜ਼ੈਲੈਂਸਕੀ ਦੀ ਸ਼ੁੱਕਰਵਾਰ ਨੂੰ ਇੱਕ ਵਿਅਸਤ ਯੋਜਨਾ ਹੈ, ਜਿਸ ’ਚ ਉਨ੍ਹਾਂ ਵਲੋਂ ਚੋਟੀ ਦੇ ਕੈਨੇਡੀਅਨ ਅਧਿਕਾਰੀਆਂ ਅਤੇ ਯੂਕਰੇਨੀ ਕੈਨੇਡੀਅਨ ਭਾਈਚਾਰੇ ਦੇ ਮੈਂਬਰਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ।
ਇਸ ਤੋਂ ਇਲਾਵਾ ਜ਼ੈਲੈਂਸਕੀ ਕੈਨੇਡਾ ਦੀ ਸੰਸਦ ਨੂੰ ਵੀ ਸੰਬੋਧਨ ਕਰਨਗੇ ਅਤੇ ਰੂਸ ਨਾਲ ਚੱਲ ਰਹੇ ਯੁੱਧ ਤੋਂ ਬਾਅਦ ਉਨ੍ਹਾਂ ਦਾ ਇਹ ਪਹਿਲਾ ਵਿਅਕਤੀਗਤ ਸੰਬੋਧਨ ਹੋਵੇਗਾ। ਉਮੀਦ ਹੈ ਕਿ ਉਹ ਅਤੇ ਟਰੂਡੋ ਦੋਹਾਂ ਦੇਸ਼ਾਂ ਦਰਮਿਆਨ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇਕ ਸਮਝੌਤੇ ’ਤੇ ਹਸਤਾਖ਼ਰ ਕਰਨਗੇ।
ਦੱਸ ਦਈਏ ਕਿ ਕੈਨੇਡਾ ਆਉਣ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਅਮਰੀਕਾ ਗਏ ਸਨ, ਜਿੱਥੇ ਕਿ ਉਨ੍ਹਾਂ ਸੰਯੁਕਤ ਰਾਸ਼ਟਰ ਮਹਾਂਸਭਾ ਨੂੰ ਸੰਬੋਧਿਤ ਕੀਤਾ ਗਿਆ। ਇਸ ਦੌਰਾਨ ਟਰੂਡੋ ਨੇੇ ਹੋਰਨਾਂ ਦੇਸ਼ਾਂ ਨੇ ਯੂਕਰੇਨ ਦੇ ਯੁੱਧ ਦੇ ਯਤਨਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਅਤੇ ਰੂਸ ਨੂੰ ਆਪਣੀਆਂ ਫੌਜਾਂ ਨੂੰ ਵਾਪਸ ਬੁਲਾਉਣ ਲਈ ਕਿਹਾ। ਕੈਨੇਡਾ ਨੇ ਯੂਕਰੇਨ ਲਈ 4.95 ਬਿਲੀਅਨ ਡਾਲਰ ਤੋਂ ਵੱਧ ਦੀ ਵਿੱਤੀ ਸਹਾਇਤਾ ਅਤੇ 1.8 ਬਿਲੀਅਨ ਡਾਲਰ ਦੀ ਫੌਜੀ ਸਹਾਇਤਾ ਪ੍ਰਦਾਨ ਕੀਤੀ ਹੈ।