ਕੈਨੇਡਾ ‘ਚ ਲੌਕਡਾਊਨ ਦੀ ਸ਼ੁਰੂਆਤ

Vancouver – ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਧਿਆਨ ‘ਚ ਰੱਖਦਿਆਂ ਕਿਊਬੈੱਕ ਵਲੋਂ ਪਾਬੰਦੀਆਂ ਦਾ ਐਲਾਨ ਕੀਤਾ ਗਿਆ। ਹੁਣ ਅੱਜ ਤੋਂ ਹੀ ਇਥੇ ਸਖ਼ਤੀ ਕੀਤੀ ਜਾ ਰਹੀ ਹੈ। ਓਮੀਕਰੌਨ ਕਾਰਨ ਵੱਧ ਰਹੇ ਕੇਸਾਂ ਬਾਅਦ ਸੂਬਾ ਸਰਕਾਰ ਨੇ ਸਕੂਲ, ਜਿਮ, ਬਾਰ ਅਤੇ ਮੂਵੀ ਥੀਏਟਰ ਵਰਗੀਆਂ ਥਾਵਾਂ ਬੰਦ ਕਰਨ ਦੇ ਆਦੇਸ਼ ਦਿੱਤੇ ਹਨ।
ਇਸ ਬਾਰੇ ਹੈਲਥ ਮਿਨਿਸਟਰ ਕ੍ਰਿਸਚਨ ਡੂਬ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਓਮੀਕਰੌਨ ਵੇਰੀਐਂਟ ਕਾਰਨ ਲਗਾਤਾਰ ਕੇਸ ਵੱਧ ਰਹੇ ਹਨ। ਇਸ ਦੇ ਮੱਦੇਨਜ਼ਰ ਸਰਕਾਰ ਨੂੰ ਇਹ ਸਖ਼ਤ ਕਦਮ ਚੁੱਕਣੇ ਪਏ ਹਨ ਤਾਂ ਕਿ ਸੂਬੇ ਦੇ ਹੈਲਥ ਸਿਸਟਮ ਨੂੰ ਅਸਹਿਣਯੋਗ ਬੋਝ ਹੇਠ ਆਉਣ ਤੋਂ ਬਚਾਇਆ ਜਾ ਸਕੇ।
ਤਾਜ਼ਾ ਐਲਾਨ ਮੁਤਾਬਿਕ ਹੁਣ ਇਥੇ ਅਜ ਤੋਂ ਹੀ ਬਾਰਜ਼, ਜਿਮਜ਼, ਥੀਏਟਰਜ਼, ਕੰਸਰਟ ਦੀਆਂ ਥਾਵਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਹੋ ਗਏ ਹਨ। ਇਸ ਤੋਂ ਇਲਾਵਾ ਰੈਸਟੋਰੈਂਟਾਂ ਵਿਚ ਵੀ 50 ਫ਼ੀਸਦੀ ਕਪੈਸਿਟੀ ਲਿਮਿਟ ਲਾਗੂ ਕਰ ਦਿੱਤੀ ਗਈ ਹੈ ਅਤੇ ਉਹਨਾਂ ਨੂੰ ਆਪਣੇ ਖੁਲਣ ਦਾ ਸਮਾਂ 5 ਤੋਂ ਰਾਤੀਂ ਦਸ ਵਜੇ ਤੱਕ ਕਰਨ ਲਈ ਕਿਹਾ ਗਿਆ ਹੈ।
ਸਕੂਲਾਂ ਬਾਰੇ ਜੋ ਫ਼ੈਸਲਾ ਆਇਆ ਉਸ ਮੁਤਾਬਿਕ ਛੁੱਟੀਆਂ ਦੇ ਸੀਜ਼ਨ ਤੋਂ ਪਹਿਲਾਂ ਹੀ ਸਕੂਲ ਬੰਦ ਕੀਤੇ ਜਾ ਰਹੇ ਹਨ। ਸੋਮਵਾਰ ਸ਼ਾਮ ਤੋਂ ਬਾਅਦ ਹੁਣ 10 ਜਨਵਰੀ ਨੂੰ ਸਕੂਲ ਦੁਬਾਰਾ ਖੁੱਲ੍ਹ ਸਕਣਗੇ।