ਸੰਸਦ ਦੇ ਸੈਸ਼ਨ ਦੀ ਹੰਗਾਮਾ ਭਰਪੂਰ ਸ਼ੁਰੂਆਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਵਾਈ ਨਵੇਂ ਮੰਤਰੀਆਂ ਨਾਲ ਜਾਣ ਪਛਾਣ

ਨਵੀਂ ਦਿੱਲੀ : ਸੰਸਦ ਦਾ ਸੈਸ਼ਨ ਅੱਜ ਸ਼ੁਰੂ ਹੋ ਗਿਆ ਹੈ। ਸ਼ੁਰੂਆਤ ਕਾਫ਼ੀ ਹੰਗਾਮਾ ਭਰਪੂਰ ਸੀ। ਲੋਕ ਸਭਾ ਵਿਚ ਹੋ ਰਹੇ ਹੰਗਾਮੇ ਦੇ ਵਿਚਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਨਵੇਂ ਮੰਤਰੀਆਂ ਨਾਲ ਮੁਲਾਕਾਤ ਕੀਤੀ। ਹਾਲਾਂਕਿ, ਵਿਰੋਧੀ ਧਿਰ ਨੇ ਹੰਗਾਮਾ ਜਾਰੀ ਰੱਖਿਆ। ਵਿਰੋਧੀ ਧਿਰ ਦੇ ਹੰਗਾਮੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਸੋਚ ਰਿਹਾ ਸੀ ਕਿ ਅੱਜ ਸਦਨ ਵਿਚ ਉਤਸ਼ਾਹ ਦਾ ਮਾਹੌਲ ਰਹੇਗਾ ਕਿਉਂਕਿ ਵੱਡੀ ਗਿਣਤੀ ਵਿਚ ਸਾਡੀਆਂ ਮਹਿਲਾ ਸੰਸਦ ਮੈਂਬਰਾਂ, ਦਲਿਤ ਭਰਾਵਾਂ, ਆਦਿਵਾਸੀਆਂ, ਕਿਸਾਨ ਪਰਿਵਾਰਾਂ ਦੇ ਸੰਸਦ ਮੈਂਬਰਾਂ ਨੂੰ ਇਕ ਮੌਕਾ ਮਿਲਿਆ।

ਪਰ ਸ਼ਾਇਦ ਦੇਸ਼ ਦੇ ਦਲਿਤਾਂ, ਔਰਤਾਂ, ਓ ਬੀ ਸੀ ਤੇ ਕਿਸਾਨਾਂ ਦਾ ਮੰਤਰੀ ਬਣਨਾ, ਕੁਝ ਲੋਕਾਂ ਨੂੰ ਪਸੰਦ ਨਹੀਂ, ਇਸ ਲਈ ਉਨ੍ਹਾਂ ਦੀ ਜਾਣ-ਪਛਾਣ ਕਰਵਾਉਣ ਦੀ ਵੀ ਇਜਾਜ਼ਤ ਨਹੀਂ ਹੈ। ਇਸ ਦੌਰਾਨ, ਦੋਵਾਂ ਸਦਨਾਂ ਵਿਚ ਨਵੇਂ ਮੈਂਬਰਾਂ ਨੂੰ ਮੈਂਬਰਸ਼ਿਪ ਦਿੱਤੀ ਗਈ। ਲੋਕ ਸਭਾ ਵਿਚ ਮਰਹੂਮ ਸੰਸਦ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਨੇ ਸੰਸਦ ਦੇ ਬਾਹਰ ਖੇਤੀਬਾੜੀ ਕਾਨੂੰਨਾਂ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ, “ਦੇਸ਼ ਦੇ ਕਿਸਾਨ ਇਨਸਾਫ਼ ਚਾਹੁੰਦੇ ਹਨ। ਅਸੀਂ ਚਾਹੁੰਦੇ ਹਾਂ ਕਿ ਪੂਰੀ ਪਾਰਟੀ ਕੇਂਦਰ ਸਰਕਾਰ ਦੇ ਖਿਲਾਫ ਇਕਮੁੱਠ ਖੜ੍ਹੀ ਹੋਏ ਅਤੇ ਸਰਕਾਰ ‘ਤੇ ਕਾਨੂੰਨ ਵਾਪਸ ਲੈਣ ਲਈ ਦਬਾਅ ਬਣਾਇਆ ਜਾਵੇ।”

ਟੀਵੀ ਪੰਜਾਬ ਬਿਊਰੋ