ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਡਰੋਨ ਹਮਲਿਆਂ ਦੇ ਜਵਾਬ ਵਿਚ ਸੀਰੀਆ ਤੇ ਇਰਾਕ ਵਿਚ ਇਰਾਨ ਸਮਰਥਕ ਮਿਲੀਸ਼ੀਆ ਦੇ ਟਿਕਾਣਿਆਂ ਉੱਪਰ ਹਵਾਈ ਹਮਲੇ ਕਰਨ ਦਾ ਹੁਕਮ ਦਿੱਤਾ ਹੈ। ਇਹ ਐਲਾਨ ਪੈਂਟਾਗਨ ਨੇ ਪਿਛਲੀ ਸ਼ਾਮ ਕੀਤਾ।
ਪੈਂਟਾਗਨ ਦੇ ਪ੍ਰੈੱਸ ਸਕੱਤਰ ਜੌਹਨ ਕਿਰਬੀ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਹਵਾਈ ਸੈਨਾ ਨੇ ਇਰਾਕ ਤੇ ਸੀਰੀਆ ਵਿਚਲੀਆਂ ਉਨ੍ਹਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਜਿਨ੍ਹਾਂ ਥਾਵਾਂ ਦੀ ਵਰਤੋਂ ਮਿਲੀਸ਼ੀਆ ਵੱਲੋਂ ਅਮਰੀਕੀ ਫ਼ੌਜੀਆਂ ਉੱਪਰ ਡਰੋਨ ਹਮਲੇ ਕਰਨ ਲਈ ਕੀਤੀ ਜਾਂਦੀ ਹੈ।
ਕਿਰਬੀ ਨੇ ਕਿਹਾ ਕਿ ਹਵਾਈ ਹਮਲਿਆਂ ਵਿਚ ਸੀਰੀਆ ਵਿਚਲੀਆਂ ਦੋ ਥਾਵਾਂ ‘ਤੇ ਇਰਾਕ ਵਿਚਲੀ ਇਕ ਥਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿੱਥੇ ਮਿਲੀਸ਼ੀਆ ਦੇ ਹਥਿਆਰਾਂ ਦਾ ਭੰਡਾਰ ਸੀ। ਇਹ ਥਾਵਾਂ ਸੀਰੀਆ ਤੇ ਇਰਾਕ ਦੀਆਂ ਸਰਹੱਦਾਂ ਦੇ ਨਾਲ ਹਨ ।
ਦੂਜੇ ਪਾਸੇ ਅਮਰੀਕੀ ਹਵਾਈ ਸੈਨਾ ਵਲੋਂ ਹਮਲੇ ਕਰਨ ਮੌਕੇ ਯੂ. ਐੱਸ. ਸੈਂਟਰਲ ਕਮਾਂਡ ਵਿਖੇ ਸਮੁੰਦਰੀ ਫ਼ੌਜ ਦੇ ਜਨਰਲ ਕੇਨਥ ਮੈਕੇਨਜ਼ੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਛੋਟੇ ਡਰੋਨਾਂ ਨਾਲ ਹੋ ਰਹੇ ਹਮਲੇ ਬੇਹੱਦ ਚਿੰਤਾ ਦਾ ਵਿਸ਼ਾ ਹਨ।
ਟੀਵੀ ਪੰਜਾਬ ਬਿਊਰੋ