Oklahoma City- ਬੁੱਧਵਾਰ ਦੇਰ ਰਾਤ ਨੂੰ ਓਕਲਾਹੋਮਾ ਸਿਟੀ ’ਚ ਇੱਕ ਘਰ ਅੰਦਰ ਹੋਈ ਗੋਲੀਬਾਰੀ ’ਚ ਤਿੰਨ ਬੱਚਿਆਂ ਸਣੇ ਕੁੱਲ ਪੰਜ ਲੋਕਾਂ ਦੀ ਮੌਤ ਹੋ ਗਈ। ਜਾਂਚਕਰਤਾ ਇਸ ਘਟਨਾ ਨੂੰ ਹੱਤਿਆ-ਆਤਮਹੱਤਿਆ ਨਾਲ ਜੋੜ ਇਸ ਦੀ ਜਾਂਚ ਕਰ ਰਹੇ ਹਨ। ਓਕਲਾਹੋਮਾ ਸਿਟੀ ਪੁਲਿਸ ਵਿਭਾਗ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਗੋਲੀਬਾਰੀ ਬੁੱਧਵਾਰ ਰਾਤੀਂ ਕਰੀਬ 11.30 ਵਜੇ ਹੋਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ NW 5th Terrace ਇਲਾਕੇ ’ਚ ਇੱਕ ਘਰ ’ਚ ਘਰੇਲੂ ਗੜਬੜੀ ਬਾਰੇ ਜਾਣਕਾਰੀ ਮਿਲੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਉੱਥੇ ਗੋਲੀਬਾਰੀ ਤੋਂ ਪ੍ਰਭਾਵਿਤ ਪੰਜ ਲੋਕ ਮਿਲੇ, ਜਿਨ੍ਹਾਂ ’ਚ ਇੱਕ ਪੁਰਸ਼, ਇੱਕ ਮਹਿਲਾ ਅਤੇ ਤਿੰਨ ਬੱਚੇ ਸ਼ਾਮਿਲ ਸਨ।
ਪੁਲਿਸ ਨੇ ਪੀੜਤਾਂ ਦੀ ਪਹਿਚਾਣ 29 ਸਾਲਾ ਕੈਸੈਂਡਰਾ ਫਲੋਰਸ, 9 ਸਾਲਾ ਹਿਲੇਰੀ ਆਰਮੇਂਡਰਿਜ਼ 5 ਸਾਲਾ ਡੋਮਾਰਸ ਆਰਮੇਂਡਰਿਜ਼ ਅਤੇ 2 ਸਾਲਾ ਮਾਟੀਆਸ ਆਰਮੇਂਡਰਿਜ਼ ਦੇ ਰੂਪ ’ਚ ਕੀਤੀ ਹੈ। ਉੱਥੇ ਹੀ ਸ਼ੱਕੀ ਹਮਲਾਵਰ ਦੀ ਪਹਿਚਾਣ 28 ਸਾਲਾ ਰੂਬੇਨ ਆਰਮੇਂਡਰਿਜ਼ ਦੇ ਰੂਪ ’ਚ ਹੋਈ ਹੈ। ਪੁਲਿਸ ਨੇ ਕਿਹਾ ਕਿ ਜਦੋਂ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਉਸ ਵੇਲੇ ਰੂਬੇਨ ਆਰਮੇਡੇਂਰਿਜ਼ ਅਤੇ ਇੱਕ ਜ਼ਖ਼ਮੀ ਬੱਚਾ ਜ਼ਿੰਦਾ ਸੀ ਅਤੇ ਇਸ ਮਗਰੋਂ ਉਨ੍ਹਾਂ ਤੁਰੰਤ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਉਨ੍ਹਾਂ ਦੀ ਮੌਤ ਹੋ ਗਈ। ਜਾਂਚਕਰਤਾਵਾਂ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਫਲੋਰਸ ਅਤੇ ਰੂਬੇਨ ਆਪਸ ’ਚ ਵਿਆਹੇ ਹੋਏ ਸਨ ਪਰ ਹੁਣ ਉਹ ਵੱਖ ਹੋ ਗਏ ਸਨ ਅਤੇ ਰੂਬੇਨ ਨੇ ਖ਼ੁਦ ’ਤੇ ਗੋਲੀ ਚਲਾਉਣ ਤੋਂ ਪਹਿਲਾਂ ਚਾਰ ਪੀੜਤਾਂ ਨੂੰ ਗੋਲੀ ਮਾਰ ਦਿੱਤੀ। ਗੋਲੀਬਾਰੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਅਜੇ ਸ਼ੁਰੂਆਤੀ ਪੜਾਅ ’ਚ ਹੈ ਅਤੇ ਜਾਂਚਕਰਤਾ ਉਨ੍ਹਾਂ ਘਟਨਾਵਾਂ ਦੀ ਲੜੀ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਕਾਰਨ ਇਹ ਮਨੁੱਖੀ ਕਤਲੇਆਮ ਹੋਇਆ।