Washington- ਅਮਰੀਕਾ ਅਤੇ ਕੈਨੇਡਾ ’ਚ ਇਸ ਵਾਰ ਜੰਗਲਾਂ ਦੀ ਅੱਗ ਨੇ ਤਬਾਹੀ ਮਚਾਈ ਹੋਈ ਹੈ ਅਤੇ ਦੋਹਾਂ ਹੀ ਦੇਸ਼ਾਂ ’ਚ ਵੱਖ-ਵੱਖ ਥਾਵਾਂ ’ਤੇ ਲੱਗੀ ਜੰਗਲੀ ਅੱਗ ਨੂੰ ਕਾਬੂ ਪਾਉਣ ਦੀ ਕੋਸ਼ਿਸ਼ਾਂ ਲਗਾਤਾਰ ਚੱਲ ਰਹੀਆਂ ਹਨ। ਦੋਹਾਂ ਦੇਸ਼ਾਂ ’ਚ ਜੇਕਰ ਇੱਕ ਪਾਸੇ ਅੱਗ ’ਤੇ ਕਾਬੂ ਪੈਂਦਾ ਹੈ ਤਾਂ ਕਿਸੇ ਹੋਰ ਇਲਾਕੇ ’ਚ ਅੱਗ ਦੇ ਭੜਕਣ ਦੀ ਜਾਣਕਾਰੀ ਸਾਹਮਣੇ ਆ ਜਾਂਦੀ ਹੈ। ਅਜਿਹਾ ਹੀ ਮਾਮਲਾ ਹੁਣ ਅਮਰੀਕਾ ਦੇ ਪੂਰਬੀ ਵਾਸ਼ਿੰਗਟਨ ’ਚ ਆਇਆ ਹੈ, ਜਿੱਥੇ ਜੰਗਲੀ ਅੱਗ ਦੇ ਚੱਲਦਿਆਂ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਹਜ਼ਾਰਾਂ ਨੂੰ ਲੋਕਾਂ ਨੂੰ ਤੁਰੰਤ ਘਰ ਖ਼ਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਕਾਫ਼ੀ ਤੇਜ਼ ਗਤੀ ਨਾਲ ਅੱਗੇ ਵੱਧ ਰਹੀ ਹੈ ਅਤੇ ‘ਸਮੱਸਿਆ ਵਾਲੇ ਮੌਸਮ’ ਦੇ ਚੱਲਦਿਆਂ ਇਸ ’ਤੇ ਕਾਬੂ ਪਾਉਣਾ ਕਾਫ਼ੀ ਔਖਾ ਹੋ ਰਿਹਾ ਹੈ। ਵਾਸ਼ਿੰਗਟਨ ਕੁਦਰਤੀ ਸਰੋਤ ਵਿਭਾਗ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿ ਕਥਿਤ ਤੌਰ ’ਤੇ ‘ਗ੍ਰੇ ਫਾਇਰ’ ਨੇ ਸਪੋਕੇਨ ਨੇੜੇ 185 ਤੋਂ ਵੱਧ ਇਮਾਰਤਾਂ ਨੂੰ ਸਾੜ ਦਿੱਤਾ, ਜਦਕਿ 9,500 ਏਕੜ ਤੋਂ ਵੱਧ ਇਲਾਕੇ ਨੂੰ ਇਸ ਨੇ ਜਲਾ ਕੇ ਖ਼ਾਕ ਬਣਾ ਦਿੱਤਾ।
ਵਿਭਾਗ ਨੇ ਸੋਸ਼ਲ ਮੀਡੀਆ ’ਤੇ ਪੋਸਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਅਜੇ ਪਤਾ ਨਹੀਂ ਲੱਗ ਸਕਿਆ ਕਿ ਅੱਗ ਕਿਵੇਂ ਲੱਗੀ ਪਰ ਇਹ ਸ਼ੁੱਕਰਵਾਰ ਦੁਪਹਿਰ ਦੇ ਆਸ-ਪਾਸ ਭੜਕੀ ਅਤੇ ਹਵਾ ਤੇ ਸੁੱਕੀਆਂ ਝਾੜੀਆਂ ਕਾਰਨ ਇਹ ਤੇਜ਼ੀ ਨਾਲ ਅੱਗੇ ਵਧੀ। ਅੱਗ ਦੇ ਚੱਲਦਿਆਂ ਸਪੋਕੇਨ ਕਾਊਂਟੀ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇੱਥੇ ਸੰਕਟਕਾਲ ਦਾ ਐਲਾਨ ਕਰ ਦਿੱਤਾ।
ਅਧਿਕਾਰੀਆਂ ਨੇ ਦੱਸਿਆ ਕਿ ਲੈਵਲ 3 ਨਿਕਾਸੀ, ਜਿਸ ਨੂੰ ‘ਗੋ ਨਾਓ’ ਹੁਕਮ ਵੀ ਕਿਹਾ ਜਾਂਦਾ ਹੈ, ਵਾਸ਼ਿੰਗਟਨ ਦੇ ਮੈਡੀਕਲ ਲੇਕ ਸ਼ਹਿਰ ’ਚ ਜਾਰੀ ਕੀਤੇ ਗਏ ਹਨ, ਜਿੱਥੇ ਕਿ ਲਗਭਗ 4800 ਲੋਕ ਰਹਿੰਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੈਡੀਕਲ ਲੇਕ ਦੇ ਕੁਝ ਹਿੱਸਿਆਂ ’ਚ ਤਾਂ ਸ਼ਨੀਵਾਰ ਤੱਕ ਬਿਜਲੀ ਵੀ ਨਹੀਂ ਸੀ। ਉੱਧਰ ਸਪੋਕੇਨ ਕਾਊਂਟੀ ਦੇ ਸ਼ੈਰਿਫ ਜੋਹਨ ਨੋਵੇਲਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜੇ ਮੈਡੀਕਲ ਲੇਕ ਸ਼ਹਿਰ ’ਚ ਨਾ ਆਉਣ। ਉਨ੍ਹਾਂ ਕਿਹਾ ਕਿ ਅਸੀਂ ਕਿਸ਼ਤੀਆਂ ਅਤੇ ਹੈਲੀਕਾਪਟਰਾਂ ਰਾਹੀਂ ਇੱਥੋਂ ਦੇ ਵਸਨੀਕਾਂ ਨੂੰ ਬਾਹਰ ਕੱਢਿਆ ਹੈ।