ਕੈਨੇਡਾ ਵਿਚ 17 ਇੰਡੋ-ਕੈਨੇਡੀਅਨ ਸੰਸਦੀ ਚੋਣਾਂ ਜਿੱਤੇ

ਟੋਰਾਂਟੋ : ਕੈਨੇਡਾ ਸੰਸਦ ਚੋਣਾਂ ਵਿਚ 17 ਇੰਡੋ-ਕੈਨੇਡੀਅਨਾਂ ਨੂੰ ਜਿੱਤ ਮਿਲੀ ਹੈ। ਇਨ੍ਹਾਂ ਜੇਤੂਆਂ ਵਿਚ ਜਗਮੀਤ ਸਿੰਘ, ਸਾਬਕਾ ਮੰਤਰੀ ਟਿਮ ਉੱਪਲ ਅਤੇ ਤਿੰਨ ਮੌਜੂਦਾ ਕੈਬਨਿਟ ਮੰਤਰੀ ਹਰਜੀਤ ਸਿੰਘ ਸੱਜਣ, ਬਰਦੀਸ਼ ਚੱਗਰ ਅਤੇ ਅਨੀਤਾ ਆਨੰਦ ਸ਼ਾਮਲ ਹਨ।

ਬ੍ਰਿਟਿਸ਼ ਕੋਲੰਬੀਆ ਵਿਚ ਤਿੰਨ ਵਾਰ ਲਿਬਰਲ ਪਾਰਟੀ ਦੇ ਐੱਮਪੀ ਸੁਖ ਧਾਲੀਵਾਲ ਨੇ ਐੱਨਡੀਪੀ ਦੇ ਅਵਨੀਤ ਜੌਹਲ ਨੂੰ ਹਰਾ ਕੇ ਆਪਣੀ ਸਰੀ-ਨਿਊਟਨ ਸੀਟ ਬਰਕਰਾਰ ਰੱਖੀ। ਦੋ ਵਾਰ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੇ ਵੀ ਸਰੀ ਸੈਂਟਰ ਸੀਟ ਜਿੱਤ ਲਈ ਹੈ।

ਕਿਊਬੈਕ ਵਿਚ ਅੰਜੂ ਢਿੱਲੋਂ ਨੇ ਆਪਣੀ ਡੋਰਵਾਲ-ਲੈਚਿਨ-ਲਾਸਲੇ ਸੀਟ ਜਿੱਤ ਲਈ ਹੈ। ਉੱਪਲ ਕੰਜ਼ਰਵੇਟਿਵ ਪਾਰਟੀ ਲਈ ਐਡਮੰਟਨ ਮਿੱਲ ਵੁਡਸ ਸੀਟ ਤੋਂ ਮੁੜ ਜਿੱਤ ਗਏ। ਓਂਟਾਰੀਓ ਵਿੱਚ ਬਰੈਂਪਟਨ ਵਿੱਚੋਂ ਚਾਰ ਮੌਜੂਦਾ ਸੰਸਦ ਮੈਂਬਰਾਂ ਮਨਿੰਦਰ ਸਿੱਧੂ, ਰੂਬੀ ਸਹੋਤਾ, ਸੋਨੀਆ ਸਿੱਧੂ ਅਤੇ ਕਮਲ ਖੇੜਾ ਜਿੱਤ ਗਏ।

ਇਹ ਸਾਰੇ ਲਿਬਰਲ ਪਾਰਟੀ ਨਾਲ ਸਬੰਧਤ ਹਨ। ਚੰਦਰ ਆਰੀਆ ਨੇ ਵੀ ਓਂਟਾਰੀਓ ਵਿਚ ਨੇਪੀਅਨ ਸੀਟ ਜਿੱਤ ਲਈ ਹੈ। ਲਿਬਰਲ ਪਾਰਟੀ ਲਈ ਮਿਸੀਸਾਗਾ-ਮਾਲਟਨ ਸੀਟ ਜਿੱਤਣ ਵਾਲੇ ਵਕੀਲ ਇਕਵਿੰਦਰ ਗਹੀਰ ਸੰਸਦ ਵਿਚ ਪੁੱਜਣ ਵਾਲੇ ਸਭ ਤੋਂ ਘੱਟ ਉਮਰ ਦੇ ਸੰਸਦ ਮੈਂਬਰਾਂ ਵਿਚੋਂ ਹੋਣਗੇ।

ਇਸੇ ਤਰਾਂ ਅਲਬਰਟਾ ਸੂਬੇ ਦੇ ਸੰਸਦੀ ਹਲਕੇ ਕੈਲਗਰੀ ਸਕਾਈਵਿਊ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਜਾਰਜ ਚਾਹਲ ਚੋਣ ਜਿੱਤ ਗਏ ਹਨ। ਕੈਲਗਰੀ ਫੋਰੈਸਟ ਲਾਊਨ ਤੋਂ ਕੰਜ਼ਰਵੇਟਿਵ ਜਸਰਾਜ ਸਿੰਘ ਹੱਲਣ ਨੇ ਜਿੱਤ ਪ੍ਰਾਪਤ ਕੀਤੀ ਹੈ। ਜਲੰਧਰ ਜ਼ਿਲ੍ਹੇ ਦੇ ਕਸਬਾ ਮਲਸੀਆਂ ਦਾ ਮਨਿੰਦਰ ਸਿੱਧੂ ਬਰੈਂਪਟਨ ਈਸਟ ਤੋਂ ਦੂਜੀ ਵਾਰ ਐੱਮਪੀ ਬਣਿਆ ਹੈ।

ਟੀਵੀ ਪੰਜਾਬ ਬਿਊਰੋ