Toronto- ਟੋਰਾਂਟੋ ਦੇ ਇੱਕ 18 ਸਾਲਾ ਨੌਜਵਾਨ ਨੂੰ ਪਿਛਲੇ ਹਫ਼ਤੇ ਟੋਰਾਂਟੋ ਦੇ ਇੱਕ ਬਾਰ ’ਚ ਚਾਕੂ ਮਾਰਨ ਦੇ ਮਾਮਲੇ ਵਿੱਚ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਛੁਰੇਬਾਜ਼ੀ ਦੀ ਇਹ ਘਟਨਾ ਸ਼ੁੱਕਰਵਾਰ ਰਾਤੀਂ ਕਰੀਬ 11 ਵਜੇ ਬਲੂਰ ਸਟਰੀਟ ਵੈਸਟ ਅਤੇ ਮੈਡੀਸਨ ਐਵੇਨਿਊ ਖੇਤਰ ਦੇ ਇੱਕ ਬਾਰ ’ਚ ਵਾਪਰੀ ਸੀ।
ਜਾਂਚਕਰਤਾਵਾਂ ਮੁਤਾਬਕ ਇੱਕ ਵਿਅਕਤੀ ਨੂੰ ਅਹਾਤੇ ਤੋਂ ਬਾਹਰ ਲਿਜਾਇਆ ਜਾ ਰਿਹਾ ਸੀ ਕਿ ਇਸੇ ਦੌਰਾਨ ਉਸਨੇ ਚਾਕੂ ਕੱਢਿਆ ਅਤੇ ਕਿਸੇ ਨੂੰ ਚਾਕੂ ਮਾਰ ਦਿੱਤਾ। ਇਸ ਮਗਰੋਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ’ਚ ਪੀੜਤ ਨੂੰ ਗੈਰ ਜਾਨਲੇਵਾ ਸੱਟਾਂ ਲੱਗੀਆਂ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਮੰਗਲਵਾਰ ਨੂੰ, ਪੁਲਿਸ ਨੇ ਦੱਸਿਆ ਕਿ ਛੁਰੇਬਾਜ਼ੀ ਦੀ ਇਸ ਘਟਨਾ ਦੇ ਸੰਬੰਧ ’ਚ ਅਲੈਗਜ਼ੈਂਡਰ ਮਾਈਲੇਸਕੀ ਦੇ ਰੂਪ ’ਚ ਪਹਿਾਚਣੇ ਗਏ ਇੱਕ ਸ਼ੱਕੀ ਨੂੰ ਹਿਰਾਸਤ ’ਚ ਲਿਆ ਗਿਆ ਹੈ ਅਤੇ ਉਸ ਦੇ ਵਿਰੁੱਧ ਹਥਿਆਰ ਨਾਲ ਹਮਲਾ ਕਰਨ, ਸਰੀਰਕ ਨੁਕਸਾਨ ਪਹੁੰਚਾਉਣ, ਛੁਪਿਆ ਹੋਇਆ ਹਥਿਆਰ ਲੈ ਕੇ ਜਾਣ, ਜਨਤਕ ਸ਼ਾਂਤੀ ਲਈ ਖਤਰਨਾਕ ਹਥਿਆਰ ਰੱਖਣ ਅਤੇ ਇੱਕ ਵਾਅਦੇ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਦੇ ਦੋਸ਼ ਲਗਾਏ ਗਏ ਹਨ। ਅਜੇ ਤੱਕ ਅਦਾਲਤ ’ਚ ਇਹ ਦੋਸ਼ ਸਾਬਤ ਨਹੀਂ ਹੋਏ ਹਨ।