ਭਾਖੜਾ ਡੈਮ ਤੋਂ ਪਾਣੀ ਛੱਡਣ ਦਾ ਫੈਸਲਾ, ਕਈ ਇਲਾਕਿਆਂ ‘ਚ ਅਲਰਟ

ਡੈਸਕ- ਪੰਜਾਬ ਵਿੱਚ ਹੜ੍ਹਾਂ ਖਤਰਾ ਹੋਰ ਵਧ ਗਿਆ ਹੈ। ਸੂਬੇ ਵਿੱਚ ਅੱਜ ਤੇ ਕੱਲ੍ਹ ਯਾਨੀ ਵੀਰਵਾਰ ਨੂੰ ਬਿਆਸ ਤੇ ਸਤਲੁਜ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧ ਸਕਦਾ ਹੈ। ਦਰਅਸਲ, ਭਾਖੜਾ ਡੈਮ ਪ੍ਰਬੰਧਨ ਨੇ ਪੌਂਗ ਡੈਮ ਤੇ ਭਾਖੜਾ ਡੈਮ ਤੋਂ ਅਗਲੇ ਦੋ ਦਿਨਾਂ ਤੱਕ ਕਰੀਬ 55 ਹਜ਼ਾਰ ਕਿਊਸਿਕ ਪਾਣੀ ਛੱਡਣ ਦਾ ਫੈਸਲਾ ਕੀਤਾ ਹੈ। ਬਿਆਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਅਜੇ ਕੋਈ ਚਿੰਤਾ ਦੀ ਸਥਿਤੀ ਨਹੀਂ ਪਰ ਸਤਲੁਜ ਵਿੱਚ ਪਾਣੀ ਛੱਡਣ ਨਾਲ ਨੀਵੇਂ ਇਲਾਕਿਆਂ ਵਿੱਚ ਸਮੱਸਿਆ ਆ ਸਕਦੀ ਹੈ।

ਉਧਰ, ਮੌਸਮ ਵਿਭਾਗ ਨੇ ਅੱਜ ਪੱਛਮੀ ਮਾਲਵੇ ਵਿੱਚ ਆਮ ਮੀਂਹ ਤੇ ਵੀਰਵਾਰ ਨੂੰ ਪੂਰੇ ਪੰਜਾਬ ਵਿੱਚ ਮੀਂਹ ਪੈਣ ਦਾ ਅਲਰਟ ਵੀ ਜਾਰੀ ਕੀਤਾ ਹੈ। ਜੇਕਰ ਆਮ ਨਾਲੋਂ ਵੱਧ ਬਾਰਸ਼ ਹੁੰਦੀ ਹੈ ਤਾਂ ਪੱਛਮੀ ਮਾਲਵੇ ਵਿੱਚ ਸਮੱਸਿਆ ਗੰਭੀਰ ਹੋ ਸਕਦੀ ਹੈ।

ਪ੍ਰਸਾਸ਼ਨ ਵੱਲੋਂ ਜਾਰੀ ਚੇਤਾਵਨੀ ਅਨੁਸਾਰ ਪੌਂਗ ਡੈਮ ਤੋਂ ਅੱਜ ਸਵੇਰੇ 10 ਵਜੇ 20 ਹਜ਼ਾਰ ਕਿਊਸਿਕ ਤੇ ਭਾਖੜਾ ਡੈਮ ਤੋਂ ਵੀਰਵਾਰ ਨੂੰ ਸਵੇਰੇ 10 ਵਜੇ 35 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਣਾ ਹੈ। ਪੌਂਗ ਡੈਮ ਤੋਂ ਸ਼ਾਹ ਨਹਿਰ ਬੈਰਾਜ ਡੈਮ ਵਿੱਚ ਪਾਣੀ ਛੱਡਿਆ ਜਾ ਸਕਦਾ ਹੈ। ਇਸ ਦੀ ਵੱਧ ਤੋਂ ਵੱਧ ਪਾਣੀ ਵਹਾਅ ਦੀ ਸਮਰੱਥਾ 11500 ਕਿਊਸਿਕ ਹੈ ਪਰ ਇਸ ਵਿੱਚ 8500 ਕਿਊਸਿਕ ਵਾਧੂ ਪਾਣੀ ਛੱਡਿਆ ਜਾਵੇਗਾ। ਇਸ ਤੋਂ ਬਾਅਦ ਸ਼ਾਹ ਨਹਿਰ ਬੈਰਾਜ ਡੈਮ ਤੋਂ ਬਿਆਸ ਦਰਿਆ ਵਿੱਚ ਪਾਣੀ ਛੱਡਿਆ ਜਾ ਸਕਦਾ ਹੈ। ਹਾਲਾਂਕਿ ਘਬਰਾਉਣ ਦੀ ਕੋਈ ਲੋੜ ਨਹੀਂ। ਬਿਆਸ ਵਿੱਚ ਅਜੇ ਵੀ 80 ਹਜ਼ਾਰ ਕਿਊਸਿਕ ਪਾਣੀ ਦੀ ਸਮਰੱਥਾ ਹੈ ਪਰ ਇਸ ਦੇ ਬਾਵਜੂਦ ਸਬੰਧਤ ਥਾਵਾਂ ’ਤੇ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।

ਦੱਸ ਦਈਏ ਕਿ ਭਾਖੜਾ ਡੈਮ ਤੋਂ ਟਰਬਾਈਨਾਂ ਰਾਹੀਂ 35 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਵੀਰਵਾਰ ਨੂੰ ਡੈਮ ਤੋਂ ਸਤਲੁਜ ‘ਚ ਪਾਣੀ ਦਾ ਵਹਾਅ ਵਧੇਗਾ। ਇਸ ਵੇਲੇ ਭਾਖੜਾ ਤੋਂ 19 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਸਥਿਤੀ ਨੂੰ ਦੇਖਦੇ ਹੋਏ ਇੱਥੇ 16 ਹਜ਼ਾਰ ਕਿਊਸਿਕ ਵਾਧੂ ਪਾਣੀ ਛੱਡਿਆ ਜਾਵੇਗਾ। ਭਾਖੜਾ ਮੈਨੇਜਮੈਂਟ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਨੰਗਲ ਡੈਮ ਤੋਂ ਹੇਠਾਂ ਵੱਲ ਪਾਣੀ ਛੱਡਣਾ ਪਵੇਗਾ।