ਨਵੀਂ ਦਿੱਲੀ-ਕੋਵਿਡ-19 ਦੇ ਮੱਦੇਨਜ਼ਰ ਸਿਹਤ ਸਬੰਧੀ ਚਿੰਤਾਵਾਂ ਨੂੰ ਦੇਖਦੇ ਹੋਏ ਟੀ 20 ਵਰਲਡ ਕੱਪ ਦਾ ਆਯੋਜਨ ਭਾਰਤ ਦੀ ਬਜਾਏ UAE ਵਿਚ ਕੀਤਾ ਜਾਵੇਗਾ। ਇਸ ਗੱਲ ਦੀ ਜਾਣਕਾਰੀ ਭਾਰਤੀ ਕ੍ਰਿਕਟ ਬੋਰਡ BCCI ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਦਿੱਤੀ ਅਤੇ ਕਿਹਾ ਕਿ ਇਹ ਟੂਰਨਾਮੇਂਟ ਅਕਤੂਬਰ-ਨਵੰਬਰ ਵਿਚ ਕਰਵਾਇਆ ਜਾਵੇਗਾ। ਗਾਂਗੁਲੀ ਨੇ ਕਿਹਾ, ‘ਅਸੀਂ ਆਈ.ਸੀ.ਸੀ. ਨੂੰ ਇਸ ਬਾਰੇ ਅਧਿਕਾਰਤ ਤੌਰ ’ਤੇ ਜਾਣਕਾਰੀ ਭੇਜ ਦਿੱਤੀ ਗਈ ਹੈ ਕਿ ਟੀ 20 ਵਿਸ਼ਵ ਕੱਪ ਨੂੰ ਸੰਯੁਕਤ ਅਰਬ ਅਮੀਰਾਤ UAE ਵਿਚ ਸ਼ਿਫ਼ਟ ਕੀਤਾ ਜਾ ਸਕਦਾ ਹੈ। ਇਸ ਬਾਰੇ ਵਿਚ ਬਿਓਰਾ ਤਿਆਰ ਕੀਤਾ ਜਾ ਰਿਹਾ ਹੈ।’
ICCC ਨੇ ਇਸ ਮਹੀਨੇ ਦੇ ਸ਼ੁਰੂ ਵਿਚ BCCI ਨੂੰ ਇਹ ਫ਼ੈਸਲਾ ਕਰਨ ਅਤੇ ਉਸ ਨੂੰ ਸੂਚਿਤ ਕਰਨ ਲਈ 4 ਹਫ਼ਤਿਆਂ ਦਾ ਸਮਾਂ ਦਿੱਤਾ ਸੀ ਕਿ ਕੋਵਿਡ-19 ਦੀ ਸਥਿਤੀ ਨੂੰ ਦੇਖਦੇ ਹੋਏ ਕੀ ਭਾਰਤ ਇਸ ਮੁਕਾਬਲੇ ਦੀ ਮੇਜ਼ਬਾਨੀ ਕਰ ਸਕਦਾ ਹੈ। PTI ਨੇ 4 ਮਈ ਨੂੰ ਸਭ ਤੋਂ ਪਹਿਲਾਂ ਰਿਪੋਰਟ ਦਿੱਤੀ ਸੀ ਕਿ ਟੂਰਨਾਮੈਂਟ ਨੂੰ UAE ਵਿਚ ਸ਼ਿਫ਼ਟ ਕੀਤਾ ਜਾ ਸਕਦਾ ਹੈ। ਇੰਡੀਅਨ ਪ੍ਰੀਮੀਅਰ ਲੀਗ ਨੂੰ ਮੁਲਤਵੀ ਕੀਤੇ ਜਾਣ ਤੋਂ ਬਾਅਦ ਅਜਿਹੀ ਸੰਭਾਵਨਾ ਬਣ ਗਈ ਸੀ। IPL ਦੇ ਬਾਕੀ ਬਚੇ ਮੈਚਾਂ ਦਾ ਆਯੋਜਨ ਵੀ ਸਤੰਬਰ-ਅਕਤੂਬਰ ਵਿਚ UAE ਵਿਚ ਹੀ ਹੋਵੇਗਾ।
ਜਾਣਕਾਰੀ ਮੁਤਾਬਕ 17 ਅਕਤੂਬਰ ਤੋਂ ਵਰਲਡ ਕੱਪ ਦੇ ਮੁਕਾਬਲੇ ਸ਼ੁਰੂ ਹੋ ਸਕਦੇ ਹਨ। 16 ਟੀਮਾਂ ਦੇ ਇਸ ਟੂਰਨਾਮੈਂਟ ਦਾ ਖ਼ਿਤਾਬੀ ਮੁਕਾਬਲਾ 14 ਨਵੰਬਰ ਨੂੰ ਖੇਡਿਆ ਜਾਵੇਗਾ। ਟੂਰਨਾਮੈਂਟ ਦੇ ਮੁਕਾਬਲੇ UAE ਦੇ ਇਲਾਵਾ ਓਮਾਨ ਵਿਚ ਵੀ ਹੋ ਸਕਦੇ ਹਨ। ਇਸ ਤੋਂ ਪਹਿਲਾਂ 2016 ਦਾ ਟੀ20 ਵਰਲਡ ਕੱਪ ਦਾ ਆਯੋਜਨ ਭਾਰਤ ਵਿਚ ਹੀ ਹੋਇਆ ਸੀ। ਉਦੋਂ ਵਿੰਡੀਜ਼ ਦੀ ਟੀਮ ਚੈਂਪੀਅਨ ਬਣੀ ਸੀ।
ਟੀਵੀ ਪੰਜਾਬ ਬਿਊਰੋ